ਟੋਰਾਂਟੋ (ਹਰਜਿੰਦਰ ਸਿੰਘ) ਕਨੇਡਾ ਦੇ ਸ਼ਹਿਰ ਟੋਰਾਂਟੋ ਅਤੇ ਇਸਦੇ ਨੇੜਲੇ ਸ਼ਹਿਰਾਂ ਦੇ ਸੂਝਵਾਨ ਤੇ ਗੁਰਮਤਿ ਦੇ ਚੇਤੰਨ ਸਿੱਖਾਂ ਦੇ ਭਰਵੇਂ ਇੱਕੱਠ ਨੇ ਸਰਬ ਸੰਮਤੀ ਨਾਲ ਤਖਤ ਸ੍ਰੀ ਪਟਨਾ ਸਾਹਿਬ ਦੇ ਪੁਜਾਰੀ ਨੂੰ ਉਸਦੀਆਂ ਗੁਰਮਤਿ ਵਿਰੋਧੀ ਅਤੇ ਗੈਰ ਇਖਲਾਕੀ ਕਾਰਜਾਂ ਨੂੰ ਮੁੱਖ ਰੱਖਦਿਆਂ ਹੋਇਆਂ ਸਿੱਖ ਪੰਥ ਵਿਚੋਂ ਛੇਕਣ ਦਾ ਮਤਾ ਸਾਰਿਆ ਨੇ ਹੱਥ ਖੜੇ ਕਰਕੇ ਸਰਬ ਸੰਮਤੀ ਨਾਲ ਪ੍ਰਵਾਨ ਕੀਤਾ। ਇਹ ਸਭ ਇੱਥੋਂ ਦੇ ਸਭ ਤੋਂ ਵੱਧ ਸਿੱਖ ਵਸੋਂ ਵਾਲੇ ਸ਼ਹਿਰ ਬਰੈਂਪਟਨ ਦੇ ਵਿੱਚ ਪੰਜਾਬੀ ਅਖਬਾਰ “ਪੰਜਾਬ ਗਾਰਡੀਅਨ” ਦੀ ਪਹਿਲੀ ਵਰ੍ਹੇਗੰਢ ਦੇ ਸੰਬੰਧ ਵਿੱਚ ਜੁੜੇ ਸਿੱਖ ਸੰਗਤਾਂ ਦੇ ਇੱਕਠ ਵਿੱਚ ਹੋਇਆ। ਖਾਸ ਗੱਲ ਇਹ ਹੈ ਕਿ ਇਸ ਪਰੋਗਰਾਮ ਵਿੱਚ ਗਿਆਨੀ ਇਕਬਾਲ ਸਿੰਘ ਵਲੋਂ ਜਾਰੀ ਕੀਤਾ ਇੱਕ ਫਤਵਾ, ਜਿਸ ਵਿੱਚ ਉਸ ਨੇ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਨੂੰ ਕਿਸੇ ਵਿੱਚ ਵੀ ਸਿੱਖ ਮੰਚ ਤੋਂ ਨਾ ਬੋਲਣ ਦੇ ਆਦੇਸ਼ ਦੇ ਮੂੰਹ ਤੇ ਚਪੇੜ ਮਾਰਨ ਵਾਲੀ ਹੋਈ ਕਿ ਇਥੇ ਕੇਵਲ ਪ੍ਰੋ ਦਰਸ਼ਨ ਸਿੰਘ ਜੀ ਨੇ ਆਪਣਾ ਵਖਿਆਂਨ ਹੀ ਨਹੀਂ ਕੀਤਾ ਸਗੋਂ ਕਿ ਉਨਟਾਰੀਓ ਸੂਬੇ ਦੀਆਂ ਬਹੁਤ ਸਾਰੀਆਂ ਧਾਰਮਿਕ ਰਾਜਸੀ ਤੇ ਸਮਾਜਿਕ ਜੱਥੇਬੰਦੀਆਂ ਨੇ ਉਹਨਾਂ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਤੇ ਪ੍ਰਚਾਰ ਹਿੱਤ ਵਿੱਢੇ ਮੁਹਾਜ ਲਈ ਸਨਮਾਨਿਤ ਵੀ ਕੀਤਾ। ਇਹਨਾ ਵਿੱਚ ਪ੍ਰਮੁਖ ਹੈ ਪੰਜਾਬ ਗਾਰਡੀਅਨ ਟੋਰਾਂਟੋ, ਸਿੰਘ ਸਭਾ ਇੰਟਰਨੈਸ਼ਨਲ, ਸਿੱਖ ਲਹਿਰ, ਯੂਨਾਇਟਿਡ ਸਿੱਖ ਫੈਡਰੇਸ਼ਨ, ਪੰਥਕ ਗਤਕਾ ਅਖਾੜਾ ਅਤੇ ਇਸਤੋਂ ਇਲਾਵਾ ਇਥੋਂ ਦੇ ਬਹੁਤ ਸਾਰੇ ਵੱਡੇ ਗੁਰਦੁਆਰਿਆਂ ਦੇ ਪ੍ਰਬੰਧਕੀ ਸੱਜਣ ਅਤੇ ਅਤੇ ਗੁਰਦੁਆਰਾ ਪ੍ਰੰਬੰਧਕ ਕਮੇਟੀ ਦੀਆਂ ਸਭਾਵਾਂ ਵੀ ਹਾਜਰ ਸਨ। ਇਹ ਮਤਾ ਭਾਈ ਅਮਰੀਕ ਸਿੰਘ ਮੁਕਤਸਰ ਜੋ ਕਿ ਮਨੁੱਖੀ ਹਕਾਂ ਦੀ ਲੜਾਈ ਵਿੱਚ ਮੋਢੀ ਹਨ ਉਹਨੇ ਪੇਸ਼ ਕੀਤਾ। ਇਸ ਪਰੋਗਰਾਮ ਵਿੱਚ ਸਾਬਕਾ ਜਥੇਦਾਰ ਸਿੰਘ ਸਾਹਿਬ ਪ੍ਰੋ ਦਰਸ਼ਨ ਸਿੰਘ ਜੀ ਬੋਲਦਿਆਂ ਆਖਿਆ ਕਿ ਸਾਨੂੰ ਸਿੱਖਾਂ ਨੂੰ ਹੁਣ ਪੂਰੀ ਤਰ੍ਹਾਂ ਹੁਸ਼ਿਆਰੀ ਤੇ ਚੇਤੰਨਤਾ ਨਾਲ ਕੰਮ ਕਰਨਾ ਪਵੇਗਾ ਨਹੀਂ ਤਾਂ ਬਿਪਰਵਾਦ ਆਪਣੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਤੇ ਇਸ ਲਈ ਹੀ ਉਹ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਹੋਰਨਾਂ ਗ੍ਰੰਥਾਂ ਦੀ ਪ੍ਰਸਿੱਧੀ ਕਰ ਰਿਹਾ ਹੈ। ਸਿੰਘ ਸਾਹਿਬ ਅਨੁਸਾਰ ਇਹ ਸਾਰਾ ਕੰਮ ਰਾਸ਼ਟਰੀ ਸਿੱਖ ਸੰਗਤ ਅਤੇ ਉਸ ਦੇ ਹੱਥ ਠੋਕੇ ਬਣੇ ਹੋਏ ਬਹੁਤ ਸਾਰੀਆਂ ਨਾਮਵਰ ਸਿੱਖ ਸ਼ਖਸੀਅਤਾਂ ਦਾ ਹੈ। ਉਹਨਾਂ ਨੇ ਕਿਹਾ ਕਿ ਇੱਕ ਵੈਬਸਾਈਟ (http://www.sangatsansar.com/) ਤੇ ਜਾ ਕੇ ਤੁਸੀਂ ਉਹਨਾਂ ਦਾ ਨਾ ਤੇ ਸੰਸਥਾਂ ਵੀ ਵੇਖ ਸਕਦੇ ਹੋ ਜੋ ਕਿ ਆਰ ਐਸ ਐਸ ਦਾ ਹੱਥ ਠੋਕਾ ਹੈ ਤੇ ਸਹੀ ਗੁਰਮਤਿ ਦੇੁ ਪ੍ਰਸਾਰ ਦਾ ਵਿਰੋਧ ਕਰਦੇ ਹਨ। ਸੋ ਟੋਰਾਂਟੋ ਦੇ ਸਿੱਖਾਂ ਵਲੋਂ ਗਿਆਨੀ ਇਕਬਾਲ ਸਿੰਘ ਜਾਰੀ ਕੀਤੇ ਫਤਵੇ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ।
ਸਰਦਾਰ ਮਨਜੀਤ ਸਿੰਘ ਮਾਂਗਟ ਨੇ ਪੰਜਾਬ ਗਾਰਡੀਅਨ ਅਖਬਾਰ ਬਾਰੇ ਵੀਚਾਰ ਦਿੱਤੇ। ਇਸ ਤੋਂ ਇਲਾਵਾ ਹੋਰ ਬੁਲਾਰਿਆਂ ਵਿੱਚ ਭਾਈ ਬਲਦੇਵ ਸਿੰਘ ਜੀ ਨੇ ਗੁਰਬਾਣੀ ਸਿਧਾਂਤ ਦੀ ਸਹੀ ਵਿਆਖਿਆਂ ਬਾਰੇ ਗੱਲ ਕੀਤੀ। ਸਰਦਾਰ ਰਘਬੀਰ ਸਿੰਘ ਬੈਂਸ ਨੇ ਆਪਣੇ ਤਿਆਰ ਕੀਤੇ ਸਿੱਖ ਇਨਸਾਈਕਲੋਪੀਡੀਆ ਅਤੇ ਹੋਰ ਕਈ ਦੇ ਸਮਾਜਿਕ ਸਮਸਿਆਂ ਜਿਵੇਂ ਨਸ਼ਾ, ਭਰੂਣ ਹੱਤਿਆ ਬਾਰੇ ਅਰੰਭੇ ਹੋਏ ਕਾਰਜਾਂ ਬਾਰੇ ਜਾਣਕਾਰੀ ਦਿੱਤੇ। ਸਰਦਾਰ ਪਾਲ ਸਿੰਘ ਪੁਰੇਵਾਲ ਨੇ ਨਾਨਕਸ਼ਾਹੀ ਜੰਤਰੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਵੇ ਉਹਨਾਂ ਦਾ ਕੌੜਾ ਤਜਰਬਾ ਕਲੰਡਰ ਦੀ ਤੱਥ ਖੋਜ ਕਮੇਟੀ ਨਾਲ ਮੁਲਕਾਤਾਂ ਸਮੇਂ ਹੋਇਆ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਜੀ ਨੇ ਇੱਕ ਹਾਸ ਰਸ ਕਵਿਤਾ ਸੁਣਾਈ ਕਿ ਉਹ ਸੁਪਨੇ ਵਿੱਚ ਇੱਕ ਸਾਧ ਬਣਕੇ ਕਿਵੇ ਲੋਕਾਂ ਨੂੰ ਲੁੱਟਦਾ ਹੈ। ਇਹ ਸਾਧਾਂ ਤੇ ਇੱਕ ਕਰਾਰੀ ਚੋਟ ਹੈ। ਇਸ ਤੋਂ ਇਲਾਵਾ ਡਾ ਗਰਤਰਨ ਸਿੰਘ ਹੁਰਾਂ ਨੇ ਵੀ ਸੰਬੋਧਨ ਕੀਤਾ ਅਤੇ ਆਪਣੇ ਖੋਜ ਕਾਰਜਾਂ ਬਾਰੇ ਜਾਣਕਾਰੀ ਦਿੱਤੀ। ਬੀਬੀ ਇੰਦਰ ਪਾਲ ਕੌਰ ਨੇ ਗੁਰਮਤਿ ਵੀਚਾਰ ਕਰਦਿਆ ਦੱਸਿਆ ਕਿ ਕਿਵੇਂ ਅਸੀਂ ਆਪਣਾ ਜੀਵਨ ਗੁਰਬਾਣੀ ਅਨੁਸਾਰ ਢਾਲ ਕੇ ਸੁਖੀ ਜੀਅ ਸਕਦੇ ਹਾਂ ਅਤੇ ਖੁਸ਼ੀਆਂ ਖੇੜੇ ਪਰਾਪਤ ਕਰ ਸਕਦੇ ਹਾਂ। ਤਕਰੀਬਨ 800 ਦੇ ਕਰੀਬ ਸਿਖ ਸੰਗਤ ਵਾਲੇ ਇਸ ਸਮਾਗਮ ਵਿੱਚ ਹਰੇਕ ਬੁਲਾਰੇ ਨੇ ਸ੍ਰੀ ਗੁਰੂ ਗ੍ਰੰਥ ਸਾਹਿ ਜੀ ਦੀ ਸਰਵਉਚਤਾ ਨੂੰ ਪੁਜਾਰੀ ਜਮਾਤ ਵਲੋਂ ਪੈਦਾ ਕੀਤੀਆਂ ਜਾ ਰਹੀਆਂ ਚੁਨੌਤੀਆਂ ਪ੍ਰਤੀ ਸਿੱਖ ਪੰਥ ਵਿੱਚ ਜਾਗਰਤੀ ਪੈਦਾ ਕਰਨ ਬਾਰੇ ਗੱਲ ਕੀਤੀ। ਇਸ ਸਮਾਗਮ ਦੀ ਸਟੇਜ ਸਕੱਤਰ ਦੀ ਸੇਵਾ ਗੁਰਦੇਵ ਸਿੰਘ ਸੱਧੇਵਾਲੀਆ ਜੋਕਿ ਪੰਜਾਬ ਗਾਰਡੀਅਨ ਅਖਬਾਰ ਦੇ ਸੰਪਾਦਕ ਵੀ ਹਨ, ਨੇ ਕੀਤੀ। ਇਸ ਦੇ ਨਾਲ ਸਾਰੇ ਬੁਲਾਰਿਆਂ ਨੁੰ ਸਨਮਾਨਿਤ ਵੀ ਕੀਤਾ ਗਿਆਂ। ਇਸ ਮੌਕੇ ਕਈ ਜੱਥੇਬੰਦੀਆਂ ਵਲੋਂ ਸਿੱਖ ਸਾਹਿਤ ਨਾਲ ਸੰਬੰਧਤ ਕਿਤਾਬਾਂ ਤੇ ਡਿਸਕਾਂ ਦੇ ਸਟਾਲ ਵੀ ਲਾਏ ਗਏ ਸਨ। ਖਾਸ ਖਿੱਚ ਦਾ ਕੇਂਦਰ ਸੀ ਸਿੰਘ ਸਭਾ ਇੰਟਰਨੈਸ਼ਨਲ ਵਲੋਂ ਪ੍ਰਦਰਸ਼ਿਤ ਕੀਤੇ ਭਨਿਆਰੇ ਵਾਲੇ ਸਾਧ ਦੇ ਗ੍ਰੰਥ ਅਤੇ ਉਸ ਬਾਰੇ ਦਿੱਤੀ ਜਾਣਕਾਰੀ। ਇੰਝ ਇਹ ਟੋਰਾਂਟੋ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵ ਉਚਤਾ ਅਤੇ ਸਹੀ ਗੁਰਮਤਿ ਦਾ ਪ੍ਰਸਾਰ ਕਰਨ ਵਾਲੀਆਂ ਜੱਥੇਬੰਦੀਆਂ ਦਾ ਪਰੋਗਰਾਮ ਯਾਦਗਾਰੀ ਹੋ ਨਿਬੜਿਆ।

Recent Comments