ਸ੍ਰ. ਗੁਰਚਰਨਜੀਤ ਸਿੰਘ ਲਾਂਬਾ ਜੀਓ (ਐਡੀਟਰ ਸੰਤ ਸਿਪਾਹੀ)
ਗੁਰ ਫਤਹਿ ਪ੍ਰਵਾਨ ਕਰਨਾ ਜੀ,
ਆਪ ਜੀ ਦੇ ਪੱਤਰ, ‘ਲੂਣੁ ਖਾਇ ਕਰਹਿ ਹਰਾਮਖੋਰੀ ਪੇਖਤ ਨੈਨ ਬਿਦਾਰਿਓ’ ਦੇ ਸਬੰਧ ਵਿਚ ਬੇਨਤੀ ਹੈ ਕੇ ਆਪ ਜੀ ਤਾਂ ਹੇਠ ਲਿਖੀਆਂ ਪੰਗਤੀਆਂ ਤੇ ਹੀ ਅਮਲ ਕਰ ਰਹੇ ਹੋ।
ਆਗੇ ਪਾਛੇ ਦਾਹਨੇ ਘੇਰਿ ਦਸੋ ਦਿਸ ਲੀਨ॥ ਪੈਂਡ ਭਜਨ ਕੌ ਨ ਰਹਿਯੋ ਰਾਇ ਜਤਨ ਯੌ ਕੀਨ॥ 4॥ ਵਾ ਕੀ ਕਰ ਦ੍ਰਾਰੀ ਧਰੀ ਪਗਿਯਾ ਲਈ ਉਤਾਰਿ॥ ਚੋਰ ਚੋਰ ਕਿਰ ਤਿਹ ਗਹਿਯੋ ਦ੍ਵੈਕ ਮੁਤਹਰੀ ਝਾਰਿ। 5। (ਚਰਿਤ੍ਰ 21)
ਆਪ ਜੀ ਦਾ ਵੀ ਕੀ ਦੋਸ਼, ਆਪ ਜੀ ਜੋ ਪੜ੍ਹਦੇ ਅਤੇ ਪ੍ਰਚਾਰਦੇ ਹੋ ਜੇ ਉਸ ਤੇ ਤੁਸੀ ਖੁਦ ਅਮਲ ਨਹੀਂ ਕਰੋਗੇ ਤਾਂ ਹੋਰ ਕੋਣ ਕਰੇਗਾ? ਜੈਸਾ ਸੇਵੈ ਤੈਸੋ ਹੋਇ ॥੪॥ (ਪੰਨਾ 223)
ਆਪ ਜੀ ਦੇ ਬਚਨ, “ਇਹ ਗੁਰਬਾਣੀ ਕਿਸੇ ਗੁਰੂ ਸਾਹਿਬ ਦੀ ਲਿਖੀ ਹੋਈ ਨਹੀਂ ਹੈ। ਇਹ ਤਾਂ ਧੁਰ ਕੀ ਬਾਣੀ, ਉਸ ਅਕਾਲ ਪੁਰਖ ਦੀ ਬਾਣੀ ਹੈ। “ਸਤਿਗੁਰ ਬਚਨ ਬਚਨ ਹੈ ਸਤਿਗੁਰ ਪਾਧਰੁ ਮੁਕਤਿ ਜਨਾਵੈਗੋ” ॥5॥(1310)
ਲਾਂਬਾ ਜੀ ਇਸ ਵਿਚ ਕੋਈ ਸ਼ੱਕ ਨਹੀਂ ਕਿ ਇਹ ਧੁਰ ਕੀ ਬਾਣੀ ਹੈ ਇਹ ਸਾਨੂੰ ਇੱਕ ਅਕਾਲ ਪੁਰਖ ਦੇ ਬਾਬਤ ਜਾਣਕਾਰੀ ਦਿੰਦੀ ਹੈ, ਪਰ ਆਪ ਜੀ ਦਾ ਇਹ ਕਥਨ, “ਇਹ ਗੁਰਬਾਣੀ ਕਿਸੇ ਗੁਰੂ ਸਾਹਿਬ ਦੀ ਲਿਖੀ ਹੋਈ ਨਹੀਂ ਹੈ” ਗੁਰਬਾਣੀ ਦੀ ਪਰਖ ਕਸਵੱਟੀ ਤੇ ਪੂਰਾ ਨਹੀਂ ਉਤਰਦਾ। ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੋਈ ਵੀ ਇਕ ਪੰਗਤੀ ਦੱਸੋ ਜਿਸ ਦੇ ਰਚਣ ਵਾਲੇ ਦਾ ਨਾਮ ਉਸ ਦੇ ਨਾਲ ਨਾ ਲਿਖਿਆ ਹੋਇਆ ਹੋਵੇ। ਭਗਤਾਂ ਦੀ ਜੋ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਹੈ ਕੀ ਉਨਾਂ ਦੇ ਨਾਮ ਦਰਜ ਨਹੀਂ ਹਨ? ਗੁਰੂ ਸਾਹਿਬ ਜੀ ਦੀ ਸਾਰੀ ਬਾਣੀ ਮਹਲਾ 1, ਮਹਲਾ 2,…ਮਹਲਾ 9 ਨਾਲ ਦਰਜ ਹੈ। ਕੀ ਤੁਸੀਂ ਅਖੌਤੀ ਦਸਮ ਗ੍ਰੰਥ, ਜਿਸ ਨੂੰ ਆਪ ਜੀ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਕਹਿ ਕੇ ਸਤਿਕਾਰਦੇ ਅਤੇ ਪ੍ਰਚਾਰਦੇ ਹੋ, ਵਿਚੋਂ ਕਿਸੇ ਸ਼ਬਦ ਦਾ ਹਵਾਲਾ ਦੇ ਸਕਦੇ ਹੋ ਜੋ ਮਹਲਾ 10 ਨਾਲ ਅਰੰਭ ਹੁੰਦਾ ਹੋਵੇ ਅਤੇ ਨਾਨਕ ਨਾਮ ਨਾਲ ਖਤਮ ਹੁੰਦਾ ਹੋਵੇ? ਇਹ ਵੀ ਜਾਣਕਾਰੀ ਦਿਓ ਕਿ ਇਸ ਅਖੌਤੀ ਗ੍ਰੰਥ ਦੇ ਨਾਮ ਨਾਲੋਂ ‘ਦਸਮ’ ਕਦੋਂ ਹਟਾ ਰਹੇ ਹੋ। ਪਾਠਕੋ! ਜਰਾਂ ਸੋਚੋ ਜਦੋ ਇਸ ਦੇ ਨਾਮ ਨਾਲੋਂ ਦਸਮ ਹਟਾ ਦਿੱਤਾ ਗਿਆ, ਮਜੂਦਾ ਹਲਾਤਾਂ ਮੁਤਾਬਕ ਇਹ ਕਾਲਾ ਦਿਨ ਬਹੁਤ ਨਜਦੀਕ ਹੀ ਲਗਦਾ ਹੈ, ਤਾਂ ਇਸ ਦਾ ਨਾਮ ਕੀ ਰਹਿ ਜਾਵੇਗਾ?
ਆਪ ਜੀ ਦਾ ਕਥਨ , “ਇਹ ਗੁਰਬਾਣੀ ਕਿਸੇ ਗੁਰੂ ਸਾਹਿਬ ਦੀ ਲਿਖੀ ਹੋਈ ਨਹੀਂ ਹੈ” ਲਾਂਬਾ ਜੀ ਇਹੀ ਧਾਰਨਾ ਸਾਧੂ ਦਯਾ ਨੰਦ ਦੀ ਸੀ, ਕਿ ਬੇਦ ਬ੍ਰਹਮਾ ਦੇ ਉਚਾਰੇ ਹੋਏ ਹਨ। ਇਸ ਨੂੰ ਗਿਆਨੀ ਦਿੱਤ ਸਿੰਘ ਜੀ ਨੇ 1877 ਵਿਚ ਰੱਦ ਕਰ ਦਿੱਤਾ ਸੀ।
ਸੁਣ ਕੇ ਏਸ ਪ੍ਰਸੰਗ ਨੂੰ ਗਈ ਚੌਕੜੀ ਭੁੱਲ।
ਮਨ ਵਿੱਚ ਸਮਝਿਆ ਸਾਧ ਨੇ ਗਇਆ ਭੇਦ ਸਭ ਖੁੱਲ। 35।
ਇਸ ਬਾਣੀ ਦਾ ਗੁਰੂ ਸਾਹਿਬ ਜੀ ਨੇ ਆਪ ਉਚਾਰਨ ਕੀਤਾ ਹੈ
ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ ॥ (ਪੰਨਾ 722)
ਅਤੇ ਆਪ ਹੀ ਲਿਖੀ ਹੈ ਕਰੋ ਭਾਈ ਗੁਰਦਾਸ ਜੀ ਦੀ ਵਾਰ ਦੇ ਦਰਸ਼ਨ।
ਆਸਾ ਹੱਥ ਕਿਤਾਬ ਕੱਛ ਕੂਜਾ ਬਾਂਗ ਮੁਸੱਲਾ ਧਾਰੀ॥ (1-32-2)
ਲਾਂਬਾ ਜੀ, ਆਪ ਜੀ ਨੇ ਸ੍ਰ. ਕਾਲਾ ਅਫਗਾਨਾ ਜੀ ਵਲੋਂ ਪ੍ਰੋ: ਦਰਸ਼ਨ ਸਿੰਘ ਜੀ ਨੂੰ 30 ਨਵੰਬਰ, 1988 ਦੇ ਲਿਖੇ ਪੱਤਰ ਦਾ ਹਵਾਲਾ ਤਾਂ ਦਿੱਤਾ ਹੈ ਪਰ ਜੋ ਪੱਤਰ ਸ੍ਰ.ਕਾਲਾ ਅਫਗਾਨਾ ਜੀ ਨੇ ਆਪ ਨੂੰ 17 ਦਸੰਬਰ 1998 ਨੂੰ ਲਿਖਿਆ ਸੀ, ਉਸ ਬਾਰੇ ਆਪ ਜੀ ਦਾ ਕੀ ਖਿਆਲ ਹੈ? ਜੇ ਉਸ ਪੱਤਰ ਦਾ ਜਵਾਬ ਤਿਆਰ ਹੋ ਗਿਆ ਹੋਵੇ ਤਾਂ ਆਪਣੀ ਵੈਬ ਸਾਈਟ ਤੇ ਪਾਉਣ ਦੀ ਕ੍ਰਿਪਾਲਤਾ ਕਰਨੀ ਜੀ!
ਆਪ ਜੀ ਲਿਖਦੇ ਹੋ, “ਇਸੇ ਲਈ ਕਲਗੀਧਰ ਪਿਤਾ ਨੂੰ ਵੀ ਕਹਿਣਾ ਪਿਆ ਕਿ ਇਹ ਰਮਜ਼ ਆਰਫਾਨਾ ਜਾਂ ਸਾਧੂ ਬਿਰਤੀ ਵਾਲੇ ਗੁਰਮੁਖਾਂ ਨੂੰ ਹੀ ਸਮਝ ਆ ਸਕਦੀ ਹੈ, ਮੂਰਖਾਂ ਨੂੰ ਨਹੀਂ। ਸਾਧਨ ਲਖਾ ਮੂੜ੍ਹ ਨਹੀਂ ਪਾਇਉ॥” ਆਪ ਜੀ ਚੁਣ-ਚੁਣ ਕਿ ਅੱਧੀਆਂ-ਅੱਧੀਆਂ ਪੰਗਤੀਆਂ ਦੀ ਵਰਤੋਂ ਕਰਨ ਦੇ ਮਾਹਰ ਹੋ ਤਾਂ ਜੋ ਇਸ ਦੀ ਕੋਈ ਪੈੜ ਨਾ ਨੱਪ ਸਕੇ। ਲਾਂਬਾ ਜੀ ਆਪ ਜੀ ਨੂੰ ਤਾਂ ਪਤਾ ਹੀ ਹੈ ਕਿ ਇਹ ਅੱਧੀ ਪੰਗਤੀ ਤੁਸੀਂ ਕਿਥੋਂ ਲਈ ਹੈ, ਪਰ ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਇਹ ਪੰਗਤੀ ਬਚਿਤ੍ਰ ਨਾਟਕ (ਜਿਸ ਦੇ ਕੁਲ 14 ਅਧਿਆਇ ਅਤੇ 471 ਛੰਦ ਹਨ) ਦੇ ਪੰਜਵੇਂ ਅਧਿਆਏ ਵਿੱਚ ਦਰਜ ਹੈ।
ਸ੍ਰੀ ਨਾਨਕ ਅੰਗਦਿ ਕਰਿ ਮਾਨਾ॥ ਏਕ ਰੂਪ ਕਿਨਹੂੰ ਪਹਿਚਾਨਾ॥
ਅਮਰ ਦਾਸ ਰਾਮਦਾਸ ਕਹਾਯੋ॥ ਸਾਧਨ ਲਖਾ ਮੂੜ ਨਹਿ ਪਾਯੋ॥9॥
ਸਤਿਕਾਰ ਯੋਗ ਪਾਠਕੋ, ਇਸੇ ਬਚਿਤ੍ਰ ਨਾਟਕ ਵਿੱਚ ਸ੍ਰਿਸ਼ਟੀ ਦੀ ਉਤਪਤੀ ਬਾਰੇ ਕੀ ਲਿਖਿਆ ਹੋਇਆ ਹੈ? ਉਹ ਵੀ ਜਾਨਣਾ ਜਰੂਰੀ ਹੈ।
ਏਕ ਸ੍ਰਵਣ ਤੇ ਮੈਲ ਨਿਕਾਰਾ॥ ਤਾ ਤੇ ਮਧੂ ਕੀਟਭ ਤਨ ਧਾਰਾ॥
ਦੁਤੀਆਂ ਕਾਨ ਤੇ ਮੈਲ ਨਿਕਾਰੀ॥ ਤਾ ਤੇ ਭਈ ਸ੍ਰਿਸਟਿ ਇਹ ਸਾਰੀ॥13॥ (ਅਧਿ:ਦੂਜਾ)
ਲਾਂਬਾ ਜੀ, ਕੀ ਇਹ ਪਹਾੜ ਜਿੱਡਾ ਝੂਠ ਗੁਰੂ ਜੀ ਨੇ ਹੀ ਲਿਖਿਆ ਹੋਵੇਗਾ?
ਇਸ ਵਿੱਚ ਇਹ ਵੀ ਦਰਜ ਹੈ ਕੇ ਇੱਕ ਦਕਸ਼ ਪ੍ਰਜਾਪਤੀ ਰਾਜਾ ਹੋਇਆ ਜਿਸ ਦੇ ਦਸ ਹਜਾਰ ਲੜਕੀਆਂ ਪੈਦਾ ਹੋਈਆ। ਤੇ ਸਾਰੀਆਂ ਹੀ ਵਿਆਹ ਦਿੱਤੀਆਂ। ਕਸ਼ਯਪ ਰਿਸ਼ੀ ਨੇ ਚਾਰ ਲੜਕੀਆਂ ਨਾਲ ਵਿਆਹ ਕੀਤਾ ਅਤੇ ਕਦਰੂ ਤੋਂ ਸੱਪ, ਬਨਿਤਾ ਤੋਂ ਗਰੁੜ, ਦਿਤਿ ਤੋਂ ਦੈਤ ਅਤੇ ਅਦਿਤਿ ਤੋਂ ਦੇਵਤੇ ਪੈਦਾ ਹੋਏ। ਉਹਨਾਂ ਬੱਚਿਆ (ਦੇਵਤਿਆਂ) `ਚੋ ਇੱਕ ਨੇ ਸੁਰਜ ਦਾ ਰੂਪ ਧਾਰਨ ਕੀਤਾ (ਤਾਤੇ ਸੂਰਜ ਰੂਪ ਕੋ ਧਰਾ) ਜਿਸ ਤੋਂ ਸੁਰਜ ਬੰਸ ਚਲਿਆ।
ਲਾਂਬਾ ਜੀ, ਕੀ ਨਾਂਗਾਂ ਦੀਆਂ ਲੱਗ-ਭੱਗ 2700 ਕਿਸਮਾਂ ਇਨਸਾਨ ਦੀ (ਕਸ਼ਯਪ ਰਿਸ਼ੀ ਅਤੇ ਉਸ ਦੀ ਪਤਨੀ ਕਦੂਰ) ਔਲਾਦ ਹਨ? ਕੀ ਇਹ ਅਕਾਲ ਪੁਰਖ ਦੇ ਬਣਾਏ ਹੋਏ ਨਿਯਮ ਦੇ ਅਨੁਸਾਰ ਹੀ ਹੈ ਜੀ?
ਹੋਰ ਦਰਸ਼ਨ ਕਰੋ: ਕੁਸ਼-ਬੰਸ਼ੀਆਂ ਨੇ (ਜੋ ਬੇਦਾਂ ਨੂੰ ਪੜਨ ਕਰਕੇ ਬੇਦੀ ਅਖਵਉਦੇ ਸਨ) ਇਹ ਭਵਿਖਬਾਣੀ ਕੀਤੀ ਸੀ ਕੇ ਜਦੋ ਕਲਯੁਗ ਵਿੱਚ ਅਸੀ ਨਾਨਕ ਦੇ ਰੂਪ ਵਿੱਚ ਆਵਾਂਗੇ ਤਾਂ ਤੁਹਾਨੂੰ (ਲਵ-ਬੰਸੀ) ਪੁਜਣ ਯੋਗ ਬਣਾ ਕੇ ਅਸੀ ਪਮ-ਪਦ ਪ੍ਰਾਪਤ ਕਰਾਗੇ।
ਜਬ ਨਾਨਕ ਕਲ ਮੈ ਹਮ ਆਨਿ ਕਹਇ ਹੈ। ਹੋ ਜਗਤ ਪੂਜ ਕਰਿ ਤੋਹਿ ਪਰਮ ਪਦੁ ਪਾਇ ਹੈ॥7॥
ਤੀਨ ਜਨਮ ਹਮਹੂੰ ਜਬ ਧਰ ਹੈ। ਚੌਥੇ ਜਨਮ ਗੁਰੁ ਤੁਹਿ ਕਰਿ ਹੈ॥ 9॥
ਲਾਂਬਾ ਜੀ, ਉਪ੍ਰੋਕਤ ਪੰਗਤੀਆਂ ਦਾ ਲੇਖਕ ਕੌਣ ਹੋਇਆ? ਕੀ ਇਸੇ ਬਚਿਤ੍ਰ ਨਾਟਕ ਦਾ ਹਵਾਲਾ ਦੇ ਕੇ ਅਗਿਆਨੀ ਪੂਰਨ ਸਿੰਘ ਨੇ ਸਿੱਖਾਂ ਨੂੰ ਲਵ-ਕੁਸ਼ ਦੀ ਵੰਸ਼ ਸਾਬਤ ਕਰਨ ਦਾ ਅਸਫਲ ਯਤਨ ਨਹੀ ਸੀ ਕੀਤਾ? ਕੀ ਤੁਸੀਂ ਅਤੇ ਤੁਹਾਡੇ ਸਾਥੀ ਵੀ ਇਹ ਹੀ ਨਹੀਂ ਕਰ ਰਹੇ? (ਦਮਦਮੀ ਟਕਸਾਲ ਦੀ ਵੱਡ ਅਕਾਰੀ ਪੁਸਤਕ ‘ਗੁਰਬਾਣੀ ਪਾਠ ਦਰਪਣ’ ਵਿਚ ਵੀ ਇਹ ਦਰਜ ਹੈ) ਕੀ ਤਸੀਂ ਆਪਣੇ ਆਪ ਨੂੰ ਲਵ-ਕੁਸ਼ ਦੀ ਵੰਸ਼ ਮੰਨਦੇ ਹੋ? ਇਹ ਕਿਵੇਂ ਮੰਨ ਲਿਆ ਜਾਵੇ ਕਿ ਆਪ ਜੀ ਨੇ ਸਾਰੇ ‘ਬਚਿਤ੍ਰ ਨਾਟਕ’ ਨੂੰ ਨਹੀਂ ਪੜਿਆ ਹੋਵੇਗਾ?
ਆਪ ਜੀ ਦੇ ਬਚਨ, “ਇਸੇ ਲਈ ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਵਿੱਚ ਸਿੱਖ ਬਣਨ ਜਾਂ ਅਖਵਾਨ ਦੀ ਪਹਿਲੀ ਮਦ ਦੀ ਸ਼ਰਤ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਾਹਿਬਾਨ ਦੀ ਬਾਣੀ ਤੇ ਨਿਸਚਾ ਰਖੇ। ਸਿੱਖ ਰਹਿਤ ਮਰਯਾਦਾ ਮੁਤਾਬਕ ਹਰ ਗੁਰਦੁਆਰੇ ਵਿੱਚ ਕਥਾ ਅਤੇ ਕੀਰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ ਦਾ ਹੋ ਸਕਦਾ ਹੈ ਅਤੇ ਹੁੰਦਾ ਹੈ।”
ਲਾਂਬਾ ਜੀ, ਇਸ ਵਿੱਚ ਕੋਈ ਸ਼ੱਕ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਹੀ ਦਸ ਗੁਰੂ ਸਾਹਿਬਾਨ ਜੀ ਦੀ ਬਾਣੀ ਹੈ। ਇਹ ਹੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਹੀ ਸਾਨੂੰ ਹੁਕਮ ਕੀਤਾ ਸੀ ਕੇ ਅੱਜ ਤੋਂ ਇਹ ਬਾਣੀ ਹੀ ਤੁਹਾਡਾ ਗੁਰੂ ਹੈ। ਕੀ ਆਪ ਜੀ ਇਸ ਨਾਲ ਸਹਿਮਤ ਨਹੀਂ ਹੋ? ਜੇ ਆਪ ਜੀ ਇਸ ਪੰਗਤੀ, “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਾਵਨ ਬਾਣੀ” ਦੇ ਅਰਥ ਇਸ ਤਰਾਂ ਕਰਦੇ ਹੋ ਕਿ ਅਖੌਤੀ ਦਸਮ ਗ੍ਰੰਥ ਹੀ ਗੁਰੁ ਗੋਬਿੰਦ ਸਿੰਘ ਜੀ ਦੀ ਬਾਣੀ ਹੈ ਤਾਂ “ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ ॥ (ਪੰਨਾ 966) ਦੇ ਸਿਧਾਂਤ ਦੀ ਅੱਵਗਿਆ ਕਰਕੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੱਖ ਵੱਖ ਰੂਪਾਂ ਵਿੱਚ ਪੇਸ਼ ਕਰਨ ਦਾ ਕੋਝਾ ਜਤਨ ਕਰਨ ਵਾਲਾ ਫੇਰ ਕੋਣ ਹੋਇਆ?
ਆਪ ਜੀ ‘ਸਪੋਕਸਮੈਨ’ ਦੇ ਸੰਪਾਦਕ ਸ: ਜੋਗਿੰਦਰ ਸਿੰਘ ਅਤੇ ਭਾਈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦਾ ਵੀ ਜਿਕਰ ਕੀਤਾ ਹੈ, ਪਰ ਇਹ ਜਿਕਰ ਅਧੂਰਾ ਹੈ। ਗੁਰਚਰਨਜੀਤ ਸਿੰਘ ਲਾਂਬਾ ਜੀ, ਇਹ ਜਾਣਕਾਰੀ ਦਿਓ ਕਿ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਵਲੋਂ ਸੰਪਾਦਤ ਅਤੇ ਧਰਮ ਪ੍ਰਚਾਰ ਕਮੇਟੀ ਵਲੋਂ ਛਾਪਵਾਈ ਗਈ ‘ਗੁਰਬਿਲਾਸ ਪਾਤਸ਼ਾਹੀ 6’ ਤੇ ਸ਼੍ਰੋਮਣੀ ਕਮੇਟੀ ਨੇ ਪਾਬੰਦੀ ਕਿਉਂ ਲਾਈ ਸੀ?
ਅੱਗੇ ਆਪ ਜੀ ਲਿਖਦੇ ਹੋ, “ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਦੀ ਪਾਵਨ ਮਰਯਾਦਾ ਮੁਤਾਬਕ ਗ੍ਰੰਥੀ ਸਾਹਿਬਾਨ ਦੀ ਨਿਯੁਕਤੀ ਲਈ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਕਥਾ ਕਰਣ ਦੀ ਸ਼ਰਤ ਹੈ।”
ਚਲੋ, ਅਸੀਂ ਆਪ ਜੀ ਨਾਲ ਸਹਿਮਤ ਹਾਂ ਕਿ ਸਚਖੰਡ ਸ੍ਰੀ ਹਰਿਮੰਦਿਰ ਸਾਹਿਬ ਵਿੱਚ ‘ਸ੍ਰੀ ਦਸਮ ਗ੍ਰੰਥ ਸਾਹਿਬ’ ਜੀ ਦੀ ਕਥਾ ਹੋਣੀ ਚਾਹੀਦੀ ਹੈ, ਪਰ ਇਹ ਕਥਾ ਉੱਥੇ ਅਰੰਭ ਕਰਵਾੳਣੀ ਆਪਣੇ ਵੱਸ ਵਿੱਚ ਨਹੀਂ ਹੈ। ਅਸੀਂ ਪਿਛਲੇ 6 ਮਹੀਨਿਆਂ ਤੋਂ ਆਪ ਜੀ ਨੂੰ ਪੱਤਰ ਲਿਖ ਕੇ ਬੇਨਤੀਆਂ ਕਰ ਰਹੇ ਹਾਂ (ਪਾਠਕਾਂ ਦੀ ਜਾਣਕਾਰੀ ਲਈ ਇਹ ਦੱਸਣਾ ਜਰੂਰੀ ਹੈ ਕਿ ਇਹ ਪੱਤ੍ਰ ਲਾਂਬਾ ਜੀ ਨੂੰ ਫਰੀਮਾਂਟ, ਕੈਲੇਫੋਰਨੀਆਂ ਵਿਖੇ ਜਨਵਰੀ 20 ਨੂੰ ਹੱਥੀਂ ਵੀ ਦਿੱਤਾ ਗਿਆ ਸੀ) ਕਿ ਆਓ ‘ਸ੍ਰੀ ਦਸਮ ਗ੍ਰੰਥ ਸਾਹਿਬ ਜੀ’ ਦੀ ਬਾਣੀ ਦੀ ਵਿਚਾਰ ਚਰਚਾ ਕਰੀਏ। ਪਰ ਆਪ ਜੀ ਨੇ ਸਾਡੀ ਬੇਨਤੀ ਵੱਲ ਕੋਈ ਧਿਆਨ ਨਹੀਂ ਦਿੱਤਾ। ਅੱਜ ਅਸੀਂ ਆਪ ਜੀ ਨੂੰ ਬੇਨਤੀ ਕਰਦੇ ਹਾਂ ਕਿ ਕਰੋ ਆਪਣੇ ਲਿਖੇ ਤੇ ਅਮਲ, “ਕਲਗੀਧਰ ਪਿਤਾ ਦੇ ਪਾਵਨ ਬਚਨ ਹਨ ਕਿ ਮਰਦ ਉਹ ਹੈ ਜੋ ਆਪਣੇ ਕੌਲ ਅਤੇ ਬਚਨ ਤੇ ਪੂਰਾ ਰਹੇ- ਹਮੂੰ ਮਰਦ ਬਾਯਦ ਸ਼ਵਦ ਸੁਖ਼ਨਵਰ ॥ ਨ ਸ਼ਿਕਮੇ ਦਿਗਰ ਦਰ ਦਹਾਨਿ ਦਿਗਰ ॥ 55॥ ਹੁਣ ਜੇ ਆਪ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਪਾਵਨ ਬਾਣੀ ਤੋਂ ਹਿਕਾਰਤ ਹੈ ਤੇ ਇਸ ਨਾਲ ਖ਼ਾਰਸ਼ ਹੁੰਦੀ ਹੈ ਤਾਂ ਗੁਰੂ ਅਰਜਨ ਪਾਤਿਸ਼ਾਹ ਦੇ ਬਚਨ ਹੀ ਵਿਚਾਰ ਲਵੋ- ਬਚਨੁ ਕਰੇ ਤੈ ਖਿਸਕਿ ਜਾਇ ਬੋਲੇ ਸਭੁ ਕਚਾ ॥ ਅੰਦਰਹੁ ਥੋਥਾ ਕੂੜਿਆਰੁ ਕੂੜੀ ਸਭ ਖਚਾ ॥
ਵੈਰੁ ਕਰੇ ਨਿਰਵੈਰ ਨਾਲਿ ਝੂਠੇ ਲਾਲਚਾ ॥ ਮਾਰਿਆ ਸਚੈ ਪਾਤਿਸਾਹਿ ਵੇਖਿ ਧੁਰਿ ਕਰ ਮਚਾ ॥”(1099)
ਅਸੀ ਆਪ ਜੀ ਅਤੇ ‘ਪੰਥਕ ਵੀਕਲੀ’ ਦੇ ਸੰਪਾਦਕ ਨੂੰ ਹੇਠ ਲਿਖੇ ਸਬਦਾਂ ਦੀ ਵਿਆਖਿਆ ਕਰਕੇ ਇਸ ਦੀ ਵੀ. ਡੀ. ਓ. ਬਣਾ ਕੇ ਆਪਣੀਆਂ ਬੈਬ ਸਾਈਟਾਂ ਤੇ ਪਾਓੁਣ ਦੀ ਕ੍ਰਿਪਾਲਤਾ ਕਰਨ ਦੀ ਅਪੀਲ ਕਰਦੇ ਹਾਂ।
ਇਹ ਸ਼ਬਦ ਜਿੰਨਾਂ ਨੂੰ ਘਰ ਵਿੱਚ ਬੈਠ ਕੇ ਪੜਿਆ ਜਾਂ ਵਿਚਾਰਿਆ ਨਹੀਂ ਜਾ ਸਕਦਾ, ਅਸੀਂ ਸਿੱਖ ਸੰਗਤ ਦੀ ਜਾਣਕਾਰੀ ਲਈ ਪੰਨਿਆ ਦਾ ਹੀ ਵੇਰਵਾ ਦੇ ਰਹੇਂ ਹਾਂ, ਅਗਰ ਸਿੱਖ ਸੰਗਤ ਦੇਖਣਾ ਚਹੁੰਦੀ ਹੈ ਉਹ ‘ਦਸਮ ਗਰੰਥ’ ਵਿੱਚ ਦੇਖ ਸਕਦੀ ਹੈ ਜਾਂ ਫਿਰ ‘ਪੰਥਕ ਵੀਕਲੀ’ ਇਹ ਸੇਵਾ ਲੈ ਕੇ ਸਿੱਖ ਸੰਗਤ ਦੀਆਂ ਖੁਸ਼ੀਆਂ ਹਾਸਲ ਕਰੇ।
- ਗੁਦਾ ਭੋਗ ਭੇ ਤੇ ਨ੍ਰਿਪਤ ਮਨ ਮਹਿ ਰਹਿਯੋ ਲਜਾਇ। ਤਾਂ ਦਿਨ ਤੇ ਕਾਹੂੰ ਤ੍ਰਿਯਹਿ ਲਯੋ ਨ ਨਿਕਟਿ ਬੁਲਾਇ। 20 । (ਪੰਨਾ 1010)
- ਭਾਂਤਿ ਭਾਂਤਿ ਕੇ ਭੋਗ ਕਰਤ ਤਾਸੋ। ਨ੍ਰਿਪ ਕੀ ਬਾਤ ਬਿਸਾਰਿ ਸਭੈ ਚਿੱਤ ਤੇਂ ਦਈ। ਲਪਟਿ ਲਪਟਿ ਗਈ ਨੈਨਨ ਨੈਨ ਮਿਲਾਇਕੈ। ਹੋ ਫਸਤ ਹਿਰਨ ਜਯੋ ਹਿਰਨ ਬਿਲੋਕਿ ਬਨਾਇਕੈ। 7। (ਪੰਨਾ 1107)
- ਕੇਸਾਂਤਕ ਤਿਨ ਤੁਰਤ ਮਮਗਾਯੋ। ਲੀਪਿ ਸਮਸ ਤਾਕੀ ਸੋ ਲਾਯੋ। ਤਬ ਸਬ ਕੇਸ ਦੂਰ ਹੋ ਗਏ। ਰਾਜਕੁਮਾਰ ਤ੍ਰਿਯਾ ਸੇ ਭਏ। 6। (ਪੰਨਾ 983)
- ਤਾਹਿ ਕੇਸਅਰਿ ਬਕਤ੍ਰ ਲਗਾਯੋ। ਸਭ ਕੇਸਨ ਕੌ ਦੂਰਿ ਕਰਾਯੋ। ਪੁਰਖਹੁ ਤੇ ਇਸਤ੍ਰੀ ਕਰਿ ਡਾਰੀ। ਮਿਤ ਪਤਿ ਲੈ ਤੀਰਥਨ ਸਿਧਾਰੀ। 3। (ਪੰਨਾ 1017)
- ਇਕ ਦਿਨ ਭਾਂਗ ਮਿੱਤ੍ਰ ਤਿਹ ਲਈ। ਪੋਸਤ ਸਹਿਤ ਅਫੀਮ ਚੜ੍ਹਾਈ। ਭੁਹ ਰਤਿ ਕਰੀ ਨ ਬੀਰਜ ਗਿਰਾਈ। ਆਠ ਪਹਿਰ ਲਗਿ ਕੁਅਰਿ ਬਜਾਈ। 10।(ਪੰਨਾ 1280)
ਆਸ ਕਰਦੇ ਹਾਂ ਕੇ ਆਪ ਜੀ ਇਸ ਦਫਾ ਸਾਨੂੰ ਨਿਰਾਸ਼ ਨਹੀਂ ਕਰੋਗੇ।
ਆਪ ਜੀ ਦੇ ਹੁੰਗਰੇ ਦੀ ਉਡੀਕ ਵਿੱਚ।
ਸ੍ਰ. ਤਰਲੋਚਨ ਸਿੰਘ ਦੁਪਾਲਪੁਰ (ਸਾਬਕਾ ਮੈਂਬਰ ਸ਼੍ਰੋਮਣੀ ਕਮੇਟੀ), ਸ੍ਰ ਪਰਮਜੀਤ ਸਿੰਘ ਦਾਖਾ (ਪ੍ਰਧਾਨ ਦਲ ਖਾਲਸਾ USA), ਸ੍ਰ. ਕਾਰਜ ਸਿੰਘ ਸੰਧੂ ਫਿਲਾਡੈਲਫੀਆ, ਸ੍ਰ. ਸਰਬਜੀਤ ਸਿੰਘ ਸੈਕਰਾਮੈਂਟੋ, ਸ੍ਰ ਗੁਰਚਰਨ ਸਿੰਘ ਜਿਉਣਵਾਲਾ (ਕਨੇਡਾ), ਗਿ. ਹਰਜਿੰਦਰ ਸਿੰਘ (ਕੈਨੇਡਾ), ਗਿ. ਅੰਮ੍ਰਿਤਪਾਲ ਸਿੰਘ, ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਡਾ. ਗੁਰਮੀਤ ਸਿੰਘ ਬਰਸਾਲ ਸੈਨਹੋਜੇ, ਪ੍ਰਿੰਸੀਪਲ ਸ੍ਰ. ਜਸਬੀਰ ਸਿੰਘ ਰੋਪੜ, ਭਾਈ ਸੁਖਦੇਵ ਸਿੰਘ ਸਿਖਆਰਥੀ, ਭਾਈ ਅਵਤਾਰ ਸਿੰਘ ਮਿਸ਼ਨਰੀ।
Recent Comments