ਸੈਕਰਾਮੈਂਟੋ (ਸਵੱਦੀ ਨਿਊਜ਼) ਅਖੰਡ ਕੀਰਤਨੀਆਂ ਅਤੇ ਸੰਤ ਮਾਨ ਸਿੰਘ ਪਿਹੇਵੇ ਵਾਲੇ ਦੀ ਸਾਧ ਸੰਗਤ ਨੇ ਸੈਕਰਾਮੈਂਟੋ ਵਿੱਚ ਦਸਮ ਗਰੰਥ ਦੇ ਹੱਕ ਵਿੱਚ ਇੱਕ ਸੈਮੀਨਾਰ ਦਾ ਅਯੋਜਨ ਕੀਤਾ ਸੀ। ਅਖੰਡ ਕੀਰਤਨੀਆਂ ਨੇ ਫਰੀਮਾਂਟ ਵਿੱਚ ਰੈਣ-ਸੁਬਾਈ ਰੱਖ ਕੇ ਦੂਰੋ-ਨੇੜਿਉ ਅਖੰਡ ਕੀਰਤਨੀ ਅਤੇ ਨਵੇਂ ਸਮਝੋਤੇ ਤਹਿਤ ਸੰਤ ਮਾਨ ਸਿੰਘ ਪਿਹੋਵੇ ਵਾਲੇ ਦੇ ਚੇਲੇ ਇਕੱਠੇ ਕਰ ਲਏ। ਬਾਕੀ ਕੈਲੇਫੋਰਨੀਆਂ ਦਾ ਫੋਟੋ-ਮਾਫੀਆਂ ਵੀ ਅਖਬਾਰਾਂ ਵਿੱਚ ਨਾਂ ਲਗਾਉਣ ਲਈ ਇਸ ਸੈਮੀਨਾਰ ਵਿੱਚ ਸ਼ਾਮਲ ਹੋ ਗਿਆ। ਇਨਾਂ ਕੁੱਝ ਕਰਨ ਦੇ ਵਾਵਜ਼ੂਦ ਵੀ ਕੋਈ ਬਹੁਤਾ ਇਕੱਠ ਨਹੀਂ ਕਰ ਸਕੇ। ਮਿਲੀਆਂ ਖਬਰਾਂ ਅਨੁਸਾਰ ਲੋਕਲ ਸੰਗਤ ਵਿਚੋਂ ਹਾਜ਼ਰੀ ਨਾ ਮਾਤਰ ਹੀ ਸੀ। ਅਖੰਡ ਕੀਰਤਨੀ ਇਸ ਤਰਾਂ ਤਿਆਰ-ਬਰ-ਤਿਆਰ ਘੁੰਮਦੇ ਦੇਖੇ ਗਏ ਜਿਵੇਂ ਕਿਤੇ ਜਮਰੌਦ ਦਾ ਕਿਲਾ ਫਤਹ ਕਰਨਾ ਹੁੰਦਾ। ਅਸਲ ਵਿੱਚ ਸੈਮੀਨਾਰ ਦਾ ਮਤਲਬ ਤਾਂ ਹੁੰਦਾ ਹੈ ਕਿ ਲੋਕ ਆਹਮਣੋ-ਸਾਹਮਣੇ ਸੁਆਲ-ਜੁਆਬ ਕਰਨ ਪਰ ਇਹ ਤਾਂ ਆਪਣੇ ਮਤਲਬ ਦੀਆਂ ਗੱਲ ਕਰਕੇ ਤੁਰਦੇ ਬਣੇ। ਭਾਵੇਂ ਇਨਾਂ ਦੀ ਸਾਧ ਸੰਗਤ ਨੇ ਮਤੇ ਤਾਂ ਤਿੰਨ ਚਾਰ ਪਾਸ ਕੀਤੇ ਪਰ ਅਹਿਮ ਮਤਾ ਜਿਸ ਬਾਰੇ ਖਾਲਸਾ ਪੰਥ ਨੂੰ ਸੋਚਣਾ ਚਾਹੀਦਾ ਹੈ। ਉਹ ਇਹ ਹੈ ਕਿ ਸਿੱਖ ਕੌਮ ਦੇ ਮਹਾਨ ਵਿਦਵਾਨ ਜਿਹੜੇ ਕਿ ਆਪਣੇ ਆਪ ਵਿੱਚ ਇੱਕ ਸੰਸਥਾ ਸਨ, ਭਾਵ ਪ੍ਰਿਸੀਪਲ ਹਰਭਜਨ ਸਿੰਘ ਜਿੰਨਾਂ ਨੇ ਸਿੱਖ ਕੌਮ ਨੂੰ ਬ੍ਰਹਮਣਵਾਦ ਦੇ ਜੂਲੇ ਥੱਲਿਉ ਕੱਢਣ ਦਾ ਯਤਨ ਕੀਤਾ ਹੈ। ਇਨਾਂ ਦੀ ਸਾਧ ਸੰਗਤ, ਮਤਾ ਪਾ ਕੇ ਅਕਾਲ ਤਖਤ ਦੇ ਜਥੇਦਾਰ ਨੂੰ ਕਹਿੰਦੀ ਹੈ ਕਿ ਪ੍ਰਿਸੀਪਲ ਹਰਭਜਨ ਸਿੰਘ ਦੀ ਤਸਵੀਰ ਨੂੰ ਕੇਂਦਰੀ ਅਜਾਇਬ ਘਰ ਸ੍ਰੀ ਅੰਮ੍ਰਿਤਸਰ ਤੋਂ ਲਾਹਿਆ ਜਾਵੇ। ਕਿੰਨੇ ਸਬੱਬ ਦੀ ਗੱਲ ਹੈ ਕਿ ਇਹੀ ਗੱਲ ਆਰ ਐਸ ਐਸ ਦਾ ਆਗੂ ਸੁਦਰਸ਼ਨ ਕਹਿ ਰਿਹਾ ਕਿ ਪ੍ਰਿਸੀਪਲ ਹਰਭਜਨ ਸਿੰਘ ਨੇ ਹਿੰਦੂ ਅਤੇ ਸਿੱਖਾਂ ਦੇ ਨੂੰਹ ਮਾਸ ਦੇ ਪਵਿੱਤਰ ਰਿਸਤੇ ਵਿੱਚ ਤਰੇੜਾ ਪਾਈਆਂ ਹਨ ਅਤੇ ਹਿੰਦੂ ਸੰਸਕ੍ਰਿਤੀ ਨੂੰ ਚੈਲੰਜ ਕੀਤਾ ਹੈ। ਪਰ ਦੂਸਰੇ ਪਾਸੇ ਸੁਦਰਸ਼ਨ ਦੀ ਕਹੀ ਗੱਲ ਤੇ ਅਖੰਡ ਕੀਰਤਨੀਆਂ ਦੀ ਸਾਧ ਸੰਗਤ ਮੋਹਰ ਲਾ ਰਹੀ ਹੈ। ਇਸ ਪ੍ਰੋਗ੍ਰਾਮ ਵਿੱਚ ਸਵਿੰਦਰ ਸਿੰਘ, ਬਲਜੀਤ ਸਿੰਘ, ਗੁਰਚਰਨਜੀਤ ਸਿੰਘ ਲਾਂਬਾ, ਹਰਪਾਲ ਸਿੰਘ ਪੰਨੂੰ, ਗੁਰਿੰਦਰ ਸਿੰਘ ਮਾਨ ਨੇ ਆਪਣੇ ਪਰਚੇ ਪੜ੍ਹੇ। ਕੁੱਝ ਬੁਲਾਰਿਆਂ ਦੀਆਂ ਮੂਵੀਆਂ ਦਿਖਾ ਕੇ ਹੀ ਡੰਗ ਟਪਾਇਆ। ਡਾ ਜੋਧ ਸਿੰਘ, ਪ੍ਰੋ ਅਨੁਰਾਗ ਸਿੰਘ ਪਤਾ ਨਹੀਂ ਕਿਸ ਕਾਰਨ ਅਖੰਡ ਕੀਰਤਨੀਆਂ ਦੀ ਸਾਧ ਸੰਗਤ ਵਿੱਚ ਨਹੀਂ ਆਏ। ਕੁੱਲ ਮਿਲਾ ਕੇ ਪ੍ਰੋਗ੍ਰਾਮ ਠੁੱਸ ਜਿਹਾ ਹੀ ਰਿਹਾ।