ਸਿੱਖ ਰਹਿਤ ਮਰਿਆਦਾ ਅਤੇ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਲੈ ਕੇ ਹੁਣ ਸੰਤ ਸਮਾਜ ਦੇ ਦੋ ਧੜ੍ਹਿਆਂ ਵਿਚਾਲੇ ਸਿਆਸੀ ਯੁੱਧ ਛਿੜਣ ਦੇ ਆਸਾਰ ਬਣ ਗਏ ਹਨ। ਦੋ ਤਖ਼ਤਾਂ ਵਿਚਾਲੇ ਸਰਬਉੱਚਤਾ ਦੇ ਮੁੱਦੇ `ਤੇ ਛਿੜੇ ਇਸ ਵਿਵਾਦ ਨੂੰ ਠੰਡਾ ਕਰਨ ਦੀਆਂ ਅਸਫ਼ਲ ਕੋਸ਼ਿਸ਼ਾਂ ਉਪਰੰਤ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕਮਾਂਡਰ ਸੁਖਬੀਰ ਸਿੰਘ ਬਾਦਲ ਨੇ ਨਵੀਂ ਸਿਆਸੀ ਪੈਂਤੜਾ ਵਰਤਿਆ ਹੈ। ਇਸ ਪੈਂਤੜੇ ਤਹਿਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਵੱਲੋਂ ਸੰਤ ਸਮਾਜ ਦੇ ਇੱਕ ਧੜੇ ਨਾਲ ਬੀਤੇ ਕੱਲ੍ਹ ਗੁਪਤ ਮੀਟਿੰਗ ਕਰਨ ਦੀ ਜਾਣਕਾਰੀ ਮਿਲੀ ਹੈ।
ਸੰਤ ਸਮਾਜ ਦੇ ਹੀ ਦੋ ਧੜਿਆਂ ਨੂੰ ਸਿਆਸੀ ਅਖਾੜੇ `ਚ ਖੜ੍ਹਾ ਕਰਕੇ ‘ਨਾਨਕਸ਼ਾਹੀ ਕੈਲੰਡਰ` ਵਿਵਾਦ ਨੂੰ ਨਵੀਂ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿਉਂਕਿ ਸੰਤ ਸਮਾਜ ਦਾ ਇੱਕ ਵੱਡਾ ਹਿੱਸਾ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦਾ ਸਮਰਥਨ ਕਰ ਰਿਹਾ ਹੈ। ਸੰਤ ਸਮਾਜ ਦੇ ਦੂਜੇ ਧੜੇ ਨੂੰ ਜਥੇਦਾਰ ਵੇਦਾਂਤੀ ਵੱਲੋਂ ਆਪਣੇ ਨਾਲ ਜੋੜਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਭਰੋਸੇਯੋਗ ਸੂਤਰਾਂ ਅਨੁਸਾਰ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਬੀਤੇ ਕੱਲ੍ਹ ਜਗਰਾਉਂ ਖੇਤਰ `ਚ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਨਾਲ ਇੱਕ ਬੰਦ ਕਮਰਾ ਗੁਪਤ ਮੀਟਿੰਗ ਕੀਤੀ
ਬਾਬਾ ਘਾਲਾ ਸਿੰਘ ਨਵੀਂ ਬਣੀ ‘ਸ਼ਬਦ ਗੁਰੂ ਪ੍ਰਚਾਰਕ ਸੰਤ ਸਮਾਜ` ਨਾਮ ਦੀ ਸੰਸਥਾ ਦੇ ਚੇਅਰਮੈਨ ਹਨ। ਇਸ ਸੰਸਥਾ ਦੇ ਪ੍ਰਧਾਨ ਬਾਬਾ ਰਾਮ ਸਿੰਘ ਮੁਖੀ ਦਮਦਮੀ ਟਕਸਾਲ (ਸੰਗਰਾਵਾਂ) ਹਨ। ਬਾਬਾ ਰਾਮ ਸਿੰਘ ਦਮਦਮੀ ਟਕਸਾਲ ਦੇ ਇੱਕ ਧੜੇ ਦੇ ਮੁਖੀ ਹਨ, ਜਦੋਂ ਕਿ ਦੂਜੇ ਧੜੇ ਦੇ ਮੁਖੀ ਗਿਆਨੀ ਹਰਨਾਮ ਸਿੰਘ ਖਾਲਸਾ ਹਨ, ਜਿਹੜੇ ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਪ੍ਰਧਾਨ ਹਨ। ਗਿਆਨੀ ਹਰਨਾਮ ਸਿੰਘ ਦੀ ਅਗਵਾਈ ਵਾਲਾ ਸੰਤ ਸਮਾਜ ‘ਰਹਿਤ ਮਰਿਆਦਾ` ਅਤੇ ‘ਨਾਨਕਸ਼ਾਹੀ ਕੈਲੰਡਰ` ਦੇ ਵਿਵਾਦ `ਤੇ ਤਖ਼ਤ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨਾਲ ਚਟਾਨ ਵਾਂਗ ਖੜਾ ਹੈ।
ਭਰੋਸੇਯੋਗ ਸੂਤਰਾਂ ਅਨੁਸਾਰ ਸੁਖਬੀਰ ਸਿੰਘ ਬਾਦਲ ਨੇ ਸਿਆਸੀ ਨੀਤੀ ਵਰਤ ਕੇ ਗਿਆਨੀ ਹਰਨਾਮ ਸਿੰਘ ਖਾਲਸਾ ਦੇ ਵਿਰੋਧੀ ਧੜੇ ਨੂੰ ਥਾਪੜਾ ਦੇ ਕੇ ਸਿਆਸੀ ਮੈਦਾਨ `ਚ ਉਤਰਨ ਲਈ ਉਤਸ਼ਾਹਤ ਕਰ ਦਿੱਤਾ ਹੈ। ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਨੇ ਆਪਣੀ ਹਾਈ ਕਮਾਂਡ ਦੇ ਨਿਰਦੇਸ਼ਾਂ `ਤੇ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਨਾਲ ਇਸ ਏਜੰਡੇ `ਤੇ ਗੁਪਤ ਮੀਟਿੰਗ ਕੀਤੀ ਕਿ ਉਨ੍ਹਾਂ ਦਾ ਸੰਤ ਸਮਾਜ ਗਿਆਨੀ ਹਰਨਾਮ ਸਿੰਘ ਖਾਲਸਾ ਦੇ ‘ਸੰਤ ਸਮਾਜ` ਦੀ ‘ਨਾਨਕਸ਼ਾਹੀ ਕੈਲੰਡਰਾਂ` ਦੇ ਮੁੱਦੇ `ਤੇ ਵਿਰੋਧਤਾ ਲਈ ਖੁਲ੍ਹ ਕੇ ਮੈਦਾਨ `ਚ ਆਵੇ।
ਸੂਤਰਾਂ ਨੇ ਦੱਸਿਆ ਕਿ ਬਾਬਾ ਘਾਲਾ ਸਿੰਘ ਨੇ ਜਥੇਦਾਰ ਵੇਦਾਂਤੀ ਨੂੰ ਇਹ ਭਰੋਸਾ ਦਿਵਾਇਆ ਹੈ ਕਿ ਉਹ ਜਲਦੀ ਬਾਬਾ ਰਾਮ ਸਿੰਘ ਨਾਲ ਗੱਲਬਾਤ ਕਰਕੇ ਰਣਨੀਤੀ ਉਲੀਕੀ ਲੈਣਗੇ। ਇਸ ਮੀਟਿੰਗ `ਚ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਗੁਰਚਰਨ ਸਿੰਘ ਗਰੇਵਾਲ ਵੀ ਹਾਜ਼ਰ ਸਨ ਤੇ ਉਨ੍ਹਾਂ ਅਕਾਲ ਤਖ਼ਤ ਦੇ ਜਥੇਦਾਰ ਦੇ ਸਮਰਥਨ ਦਾ ਭਰੋਸਾ ਦਿਵਾਇਆ। ਯਾਦ ਰਹੇ ਕਿ ਦਮਦਮੀ ਟਕਸਾਲ (ਚੌਕ ਮਹਿਤਾ) ਦੇ 14ਵੇਂ ਮੁਖੀ ਬਾਬਾ ਠਾਕੁਰ ਸਿੰਘ ਦੇ ਅਕਾਲ ਚਲਾਣੇ ਪਿਛੋਂ ਟਕਸਾਲ ਦੇ ਅਗਲੇ ਮੁਖੀ ਥਾਪਣ ਨੂੰ ਲੈ ਕੇ ਜਦੋਂ ਵਿਵਾਦ ਚਲ ਰਿਹਾ ਸੀ ਤਾਂ ਉਸ ਵੇਲੇ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਰਵਾਇਤੀ ਸੰਪਰਦਾਵਾਂ ਨੇ ਟਕਸਾਲ ਦਾ ਨਵਾਂ ਮੁਖੀ ਥਾਪਣ ਦਾ ਐਲਾਨ ਕੀਤਾ ਸੀ, ਟਕਸਾਲ ਦਾ ਨਵਾਂ ਮੁਖੀ ਥਾਪਣ ਦਾ ਐਲਾਨ ਕੀਤਾ ਸੀ, ਜਦੋਂਕਿ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਅਤੇ ਕੁਝ ਹੋਰ ਸੰਪਰਦਾਵਾਂ ਨੇ ਬਾਬਾ ਰਾਮ ਸਿੰਘ ਨੂੰ ਦਮਦਮੀ ਟਕਸਾਲ ਦਾ ਮੁਖੀ ਐਲਾਨ ਦਿੱਤਾ ਸੀ। ਬਾਅਦ `ਚ ਗਿਆਨੀ ਹਰਨਾਮ ਸਿੰਘ ਖਾਲਸਾ ਨੂੰ ਸ਼੍ਰੋਮਣੀ ਕਮੇਟੀ ਨੇ ਵੀ ਮਾਨਤਾ ਦੇ ਦਿੱਤੀ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੇ ਵਿਦੇਸ਼ ਤੋਂ ਪਰਤਣ ਮਗਰੋਂ ਦਿੱਲੀ ਵਿਖੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਅਤੇ ਜਥੇਦਾਰ ਵੇਦਾਂਤੀ ਵਿਚਾਲੇ ਸੁਲਾਹ-ਸਫ਼ਾਈ ਦੇ ਮੁੱਦੇ `ਤੇ ਸੁਖਬੀਰ ਸਿੰਘ ਬਾਦਲ ਵਜੋਂ ਸਿੰਘ ਸਾਹਿਬਾਨ ਨਾਲ ਕੀਤੀ ਗੁਪਤ ਮੀਟਿੰਗ `ਚ ਵੀ ਗਿ. ਹਰਨਾਮ ਸਿੰਘ ਖਾਲਸਾ ਸ਼ਾਮਲ ਦੱਸੇ ਜਾਂਦੇ ਹਨ। ਪਰ ਹੁਣ ਦੋ ਤਖ਼ਤਾਂ ਦਾ ਵਿਵਾਦ ਨਾ ਟਲਦਿਆਂ ਦੇਖ ਅਕਾਲੀ ਕਮਾਂਡਰ ਸੁਖਬੀਰ ਬਾਦਲ ਨੇ ਗਿਆਨੀ ਹਰਨਾਮ ਸਿੰਘ ਖਾਲਸਾ ਵਿਰੁੱਧ ਮੁੜ ਬਾਬਾ ਰਾਮ ਸਿੰਘ ਦੇ ਧੜ੍ਹੇ ਨੂੰ ਖੜ੍ਹਾ ਕਰਨ ਦਾ ਸਿਆਸੀ ਪੱਤਾ ਖੇਡਿਆ ਹੈ। ਕਿਉਂਕਿ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਅਤੇ ‘ਸੰਤ ਸਮਾਜ` ਨੇ ਜਥੇਦਾਰ ਵੇਦਾਂਤੀ ਵੱਲੋਂ (ਨਾਨਕਸ਼ਾਹੀ ਕੈਲੰਡਰ) ਵਿਵਾਦ ਸਬੰਧੀ ਬਣਾਈ 17 ਮੈਂਬਰੀ ਕਮੇਟੀ ਨੂੰ ਰੱਦ ਕਰ ਦਿੱਤਾ ਹੈ ਅਤੇ ਇਹ ਵਿਵਾਦ ਸੁਲਝਣ ਦੀ ਥਾਂ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ।
ਦਮਦਮੀ ਟਕਸਾਲ (ਸੰਗਰਾਵਾਂ) ਧੜ੍ਹੇ ਦੇ ਮੁਖੀ ਬਾਬਾ ਰਾਮ ਸਿੰਘ ਨਾਲ ਜਦੋਂ ਟੈਲੀਫੋਨ `ਤੇ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਹ ਇਸ ਵੇਲੇ ਮੁੰਬਈ ਹਨ ਅਤੇ ਉਨ੍ਹਾਂ ਨੂੰ ਬਾਬਾ ਘਾਲਾ ਸਿੰਘ ਨਾਲ ਜਥੇਦਾਰ ਵੇਦਾਂਤੀ ਦੀ ਗੁਪਤ ਮੀਟਿੰਗ ਹੋਣ ਸਬੰਧੀ ਕੋਈ ਜਾਣਕਾਰੀ ਨਹੀਂ। ਸਵਾਲਾਂ ਦੇ ਜੁਆਬ `ਚ ਉਨ੍ਹਾਂ ਆਖਿਆ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸੁਪਰੀਮ ਪਾਵਰ ਮੰਨਦੇ ਹਨ, ਇਸ ਕਰਕੇ ‘ਨਾਨਕਸ਼ਾਹੀ ਕੈਲੰਡਰ` ਤੇ ‘ਰਹਿਤ ਮਰਿਆਦਾ` ਸਬੰਧੀ ਊਣਤਾਈਆਂ ਨੂੰ ਮਿਲੇ ਬੈਠ ਕੇ ਦੂਰ ਕਰਨ ਦੇ ਤਾਂ ਉਹ ਵੀ ਹਮਾਇਤੀ ਹਨ, ਪਰ ‘ਨਾਨਕਸ਼ਾਹੀ ਕੈਲੰਡਰ` ਨੂੰ ਮੂਲੋਂ ਰੱਦ ਕਰਨ ਦੇ ਵਿਰੁੱਧ ਹਨ। ਸ਼ਬਦ ਗੁਰੂ ਪ੍ਰਚਾਰਕ ਸੰਤ ਸਮਾਜ ਸੰਸਥਾ ਦੇ ਚੇਅਰਮੈਨ ਬਾਬਾ ਘਾਲਾ ਸਿੰਘ ਨੇ ਟੈਲੀਫੋਨ `ਤੇ ਗੱਲਬਾਤ ਕਰਦਿਆਂ ਇਹ ਮੰਨਿਆ ਕਿ ਉਹ ਅਕਾਲ ਤਖ਼ਤ ਦੇ ਨਾਲ ਖੜ੍ਹੇ ਹਨ।
ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਤੋਂ ਜੋ ਵੀ ਹੁਕਮ ਭੇਜਿਆ ਜਾਵੇਗਾ, ਉਸ ਨੂੰ ਮੰਨਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਜਥੇਬੰਦੀ ਦੇ ਪ੍ਰਧਾਨ ਰਾਮ ਸਿੰਘ ਇਸ ਸਮੇਂ ਮੁੰਬਈ `ਚ ਹਨ ਤੇ ਉਨ੍ਹਾਂ ਦੇ ਵਾਪਸ ਆਉਣ ਤੋਂ ਬਾਅਦ ਸੰਤ ਸਮਾਜ ਮਿਲਕੇ ਨਾਨਕਸ਼ਾਹੀ ਕੈਲੰਡਰ ਬਾਰੇ ਗੱਲਬਾਤ ਕਰੇਗਾ। ਉਨ੍ਹਾਂ ਦੱਸਿਆ ਕਿ ਸੰਤ ਸਮਾਜ ਇਸ ਵਿਵਾਦ `ਚ ਸਾਲਸ ਦੀ ਭੂਮਿਕਾ ਨਿਭਾਵੇ।
Recent Comments