ਸੈਕਰਾਮੈਂਟੋ (ਸਵੱਦੀ ਨਿਊਜ਼) ਦਸਮ ਗ੍ਰੰਥ ਹਮਾਇਤੀਆਂ ਵਲੋਂ ਸੈਕਰਾਮੈਂਟੋ ਦੇ ਬਰਾਡਸ਼ਾਹ ਗੁਰਦੁਆਰਾ ਸਾਹਿਬ ਵਿੱਚ ਅਗਲੇ ਹਫਤੇ ‘ਦਸਮ ਗ੍ਰੰਥ’ ਸਬੰਧੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਕਿੱਡੀ ਹਾਸੋਹੀਣੀ ਗੱਲ ਹੈ। ਇੱਕ ਪਾਸੇ ਤਾਂ ਇਹ ਸੱਜਣ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਨੂੰ ਮੰਨਣ ਦੀ ਦੁਹਾਈ ਪਾ ਰਹੇ ਹਨ। ਪਰ ਦੂਸਰੇ ਪਾਸੇ ਆਪ ਹੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਦਾ ਵਿਰੋਧ ਕਰ ਰਹੇ ਹਨ ਕਿਉਕਿ ਕੁੱਝ ਸਮਾਂ ਪਹਿਲਾਂ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜ਼ਾਰੀ ਹੋਇਆ ਸੀ ਕਿ ਦਸਮ ਗ੍ਰੰਥ ਦੇ ਮੁੱਦੇ ਨੂੰ ਨਾ ਛੇੜਿਆ ਜਾਵੇ, ਪਰ ਹੁਣ ਆਪ ਹੀ ਇਹ ਲੋਕ ਦਸਮ ਗ੍ਰੰਥ ਤੇ ਸੈਮੀਨਾਰ ਕਰਵਾ ਰਹੇ ਹਨ। ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾ ਮੰਨਣ ਵਾਲਿਆਂ ਦਾ ਕਹਿਣਾ ਹੈ ਕਿ ਸਾਨੂੰ ਤਾਂ ਇਨਾਂ ਦੀ ਸੋਚ ਤੇ ਤਰਸ ਹੀ ਆਉਦਾ ਹੈ ਕਿ ਇਹ ਲੋਕ ਕਿਉ ਸਿੱਖ ਕੌਮ ਵਿੱਚ ਖਾਨਾਜੰਗੀ ਵਾਲਾ ਮਹੌਲ ਸਿਰਜ ਰਹੇ ਹਨ ਜਦੋਂ ਕਿ ਕੌਮ ਤਾਂ ਪਹਿਲਾਂ ਹੀ ਸੰਜੀਦਾ ਮਸਲਿਆਂ ਵਿੱਚ ਉਲਝੀਂ ਹੋਈ ਹੈ। ਮਿਲੀਆਂ ਖ਼ਬਰਾਂ ਅਨੁਸਾਰ ਅੱਜ ਐਤਵਾਰ ਦੇ ਹਫਤਾਵਾਰੀ ਦੀਵਾਨਾਂ ਸਮੇਂ ਸੈਕਰਾਮੈਂਟੋ ਦੇ ਪ੍ਰਮੁੱਖ ਗੁਰਦਆਰਿਆਂ ਵਿੱਚ ਦਸਮ ਗ੍ਰੰਥ ਨੂੰ ਗੁਰੂ ਕ੍ਰਿਤ ਨਾਂ ਮੰਨਣ ਵਾਲਿਆਂ ਨੇ ਵੱਡੀ ਤਦਾਦ ਵਿੱਚ ਚਿੱਠੀਆਂ ਵੰਡੀਆਂ ਅਤੇ ਸਿੱਖ ਸੰਗਤ ਨੂੰ ਬੇਨਤੀ ਵਿੱਚ ਕਿਹਾ ਕਿ ਜੋ ਦਸਮ ਗ੍ਰੰਥ ਵਿੱਚ ਅਸ਼ਲੀਲ ਰਚਨਾ ਹੈ ਉਸ ਦੀ ਵਿਆਖਿਆ ਸੈਮੀਨਾਰ ਵਿੱਚ ਆਏ ਬੁਲਾਰਿਆਂ ਕੋਲੋਂ ਭਰੇ ਦੀਵਾਨ ਵਿੱਚ ਕਰਵਾਈ ਜਾਵੇ। ਇਕ ਪਾਸੇ ਸੰਤ ਮਾਨ ਸਿੰਘ ਪੇਹਵੇ ਵਾਲੇ ਦੇ ਸਮੱਰਥਕਾਂ ਦਾ ਕਹਿਣਾ ਹੈ ਕਿ ‘ਅਖੰਡ ਕੀਰਤਨੀ’ ਜੱਥੇ ਵਾਲੇ ਸੰਤਾ ਤੇ ਘਟੀਆਂ ਕਿਸਮ ਦੇ ਇਲਜ਼ਾਮ ਲਾਕੇ ਉਨਾਂ ਨੂੰ ਗੁਰਦਆਰਿਆਂ ਵਿੱਚ ਕੀਰਤਨ ਕਰਨ ਤੋਂ ਰੋਕਦੇ ਹਨ। ਪਰ ਦੂਸਰੇ ਪਾਸੇ ਅਸ਼ਲੀਲ ਰਚਨਾਂ ਨੂੰ ਗੁਰੂ ਕਿਰਤ ਕਹਿ ਕੇ ਕਿਹੜੀ ਸਿੱਖੀ ਦੀ ਸੇਵਾ ਕਰ ਰਹੇ ਹਨ। ਯਾਦ ਰਹੇ ਕਿ ਅਖੰਡ ਕੀਰਤਨੀ ਜੱਥੇ ਵਾਲੇ ਆਪਣੇ ਆਪ ਨੂੰ ਸਰਬੋਤਮ ਸਿੱਖ ਸਮਝ ਕੇ ਹਰ ਇਕ ਦਾ ਵਿਰੋਧ ਕਰਦੇ ਹਨ। ਤਰਮਾਲੇ ਵਾਲੇ ਜੱਥੇ ਦਾ ਇਸ ਕਰਕੇ ਵਿਰੋਧ ਕਰ ਰਹੇ ਹਨ ਕਿ ਉਨਾਂ ਦਾ ਨਾਮ ਜੱਪਣ ਦਾ ਤਰੀਕਾ ਠੀਕ ਨਹੀਂ, ਸਾਡਾ ਠੀਕ ਹੈ ਕਿ ਸਾਹ ਦੇ ਨਾਲ ਵਾਹਿ ਬਾਹਰ ਨੂੰ ਕੱਢਣਾ ਹੈ ਗੁਰੂ ਅੰਦਰ ਨੂੰ ਖਿੱਚਣਾ ਹੈ। ਇਸੇ ਅਧਾਰ ਤੇ ਤਰਮਾਲੇ ਵਾਲਿਆਂ ਦਾ ਇਨਾਂ ਨੇ ਸੈਕਰਾਮੈਂਟੋ ਦੇ ਇਕ ਗੁਰਦੁਆਰਾ ਸਾਹਿਬ ਵਿਚੋਂ ਪ੍ਰੋਗ੍ਰਾਮ ਰੱਦ ਕਰਵਾ ਦਿੱਤਾ ਸੀ। ‘ਅਦਾਰਾ ਸਵੱਦੀ ਨਿਊਜ਼’ ਵਲੋਂ ਤਾਂ ਸਮੂਹ ਪੰਥ ਨੂੰ ਇਹੀ ਬੇਨਤੀ ਹੈ ਕਿ ਪੰਥ ਸਿਰ ਜੋੜ ਕੇ ਬੈਠੇ ਅਤੇ ਵਿਵਾਦਮਈ ਮਸਲਿਆਂ ਦਾ ਕੋਈ ਪੱਕਾ ਹੱਲ ਲੱਭਿਆ ਜਾਵੇ।