ਟਰਾਂਟੋ- ਰਣਧੀਰ ਸਿੰਘੀਆਂ (ਅਖੰਡ ਕੀਰਤਨੀਆਂ) ਵਲੋਂ ਆਪਣੀ ਵੈਬ-ਸਾਈਟ ਤੇ ਸਿੱਖ ਵਿਦਵਾਨਾਂ ਦੇ ਕਾਰਟੂਨ ਬਣਾ ਕੇ ਪੇਸ਼ ਕੀਤੇ ਜਾ ਰਹੇ ਹਨ ਅਤੇ ਈ-ਮੇਲ ਰਾਹੀਂ ਸਿੱਖਾਂ ਦੇ ਘਰਾਂ ਵਿੱਚ ਭੇਜੇ ਜਾ ਰਹੇ ਹਨ। ਇਨਾਂ ਵਿਦਵਾਨਾਂ ਵਿੱਚ ਹਨ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਖਾਲਸਾ, ਰੋਜ਼ਾਨਾ ਸਪੋਕਸਮੈਨ ਦੇ ਮੁੱਖ ਸੰਪਾਦਕ ਜੋਗਿੰਦਰ ਸਿੰਘ, ਗੁਰਤੇਜ਼ ਸਿੰਘ ਆਈ ਏ ਐਸ ਸਿੱਖ ਮਿਸ਼ਨਰੀ ਗਿਆਨੀ ਜਗਤਾਰ ਸਿੰਘ ਜਾਚਕ,ਇੰਦਰ ਸਿੰਘ ਘੱਗਾ, ਬੀਰ ਭਪਿੰਦਰ ਸਿੰਘ ਜੀ, ਗੁਰਬਖਸ਼ ਸਿੰਘ ਕਾਲਾ ਅਫਗਾਨਾ ਆਦਿ ਤੇ ਪ੍ਰੋ ਦਰਸ਼ਨ ਸਿੰਘ ਨੂੰ ਤਾਂ ‘ਕੁੱਤਾ’ ਸ਼ਬਦ ਦੀ ਵਰਤੋਂ ਕੀਤੀ ਜਾ ਰਹੀ ਹੈ। ਜਦੋਂ ਕਿ ਸਾਰੀ-ਸਾਰੀ ਰਾਤ ਰੈਣ-ਸੁਬਾਈਆਂ ਵਿੱਚ ਵਾਹਿਗਰੂ-ਵਾਹਿਗੁਰੂ-ਵਾਹਿਗੁਰੂ… ਕਰਨ ਵਾਲਿਆਂ ਦੇ ਮੁੱਖ ਵਿਚੋਂ ਕਿਸੇ ਸਿੱਖ ਲਈ, ਖਾਸ ਕਰ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਪ੍ਰੋ ਦਰਸ਼ਨ ਸਿੰਘ ਖਾਲਸਾ ਨੂੰ, ਕੁੱਤਾ ਸ਼ਬਦ ਕਹਿਣਾ ਸੋਭਾ ਹੀ ਨਹੀਂ ਦਿੰਦਾਂ। ਅਸੀਂ ‘ਸਿੰਘ ਸਭਾ ਇੰਟਰਨੈਸ਼ਨਲ’ ਵਲੋਂ ਇਨਾਂ ਨੂੰ ਸੁਝਾਅ ਦੇਣਾ ਚਹੁੰਦੇ ਹਾਂ ਕਿ ਇੱਕ ਪੰਜਾਬੀ ਕੁਹਾਵਤ ਹੈ ਕਿ ਭੱਝਦਿਆਂ ਨੂੰ ਬਾਹਣ ਇੱਕੋ ਜਿਹੇ ਹੀ ਹੁੰਦੇ ਹਨ। ਇਹ ਕਾਰਟੂਨ ਅਸੀਂ ਵੀ ਬਣਾ ਸਕਦੇ ਸੀ। ਪਰ ਅਸੀਂ ਕਿਸੇ ਸਿੱਖ ਦਾ ਮੁਜਾਕ ਉਡਾਣਾ ਨਹੀਂ ਚਹੁੰਦੇ, ਖਾਸ ਕਰ ਤੁਹਾਡੇ ਵਰਗੇ ਜੋ ਨੀਲੇ ਚੋਲਿਆਂ ਵਿੱਚ ਕਾਲੀਆਂ ਕੰਬਲੀਆਂ ਲੈ ਕੇ ਸਿਰਫ ਐਤਵਾਰ ਨੂੰ ਗੁਰਦੁਵਾਰਿਆਂ ਵਿੱਚ ਟੋਲਿਆਂ ਦੇ ਰੂਪ ਵਿੱਚ ਖੜਦੇ ਹੋ। ਸਾਨੂੰ ਤੁਹਾਡੇ ਕਾਰਟੂਨ ਬਣਾਉਣ ਦੀ ਲੋੜ ਨਹੀਂ ਕਿਉਕਿ ਸਾਡੇ ਕੋਲ ਗੁਰੁ ਦਾ ਗਿਆਨ ਅਤੇ ਦਲੀਲ ਹੈ। ਅਗਰ ਲੋੜ ਪਈ ਤਾਂ ਕਾਰਟੂਨ ਵੀ ਜਰੂਰ ਬਣਾਵਾਂਗੇ ਅਤੇ ਸ਼ੁਰੂਆਤ ਵੀ ਤੁਹਡੇ ਮੁੱਖੀ ਰਣਧੀਰ ਸਿੰਘ ਤੋਂ ਹੀ ਕਰਾਂਗੇ। ਪਰ ਅਸੀਂ ਫਿਰ ਵੀ ਤੁਹਾਨੂੰ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਬੇਨਤੀ ਕਰਦੇ ਹਾਂ ਕਿ ਪੰਥ ਦੇ ਭਲੇ ਲਈ ਆਪਾਂ ਆਪਸ ਵਿੱਚ ਉੱਲਝਣ ਦੀ ਵਜ਼ਾਏ ਰਲ-ਮਿਲ ਕੇ ਪੰਥ ਲਈ ਕੁੱਝ ਕਰੀਏ ਕਿਉਕਿ ਪੰਥ ਨੂੰ ਤਾਂ ਪਹਿਲਾਂ ਹੀ ਨਕਲੀ ਨਿਰੰਕਾਰੀਆਂ, ਰਾਧਾ ਸੁਆਮੀਆਂ, ਸੌਦਾ ਸਾਧ, ਭਨਿਆਰਾ ਵਾਲਾ, ਆਸੂਤੋਸ਼ ਅਤੇ ਹੋਰ ਡੇਰੇਦਾਰ ਸਾਧਾਂ ਨੇ ਘੇਰਿਆ ਹੋਇਆ ਹੈ। ਅਗਰ ਤੁਸੀ ਆਪਣੇ ਆਪ ਨੂੰ ਸਾਡੇ ਨਾਲੋਂ ਵਧੀਆਂ (ਸਰਬਲੋਹੀ-ਬਿਵੇਕੀ) ਸਿੱਖ ਸਮਝਦੇ ਹੋ ਤਾਂ ਆਪਣੇ ਤੀਰ ਡੇਰੇਦਾਰ ਪੰਥ ਵਿਰੋਧੀਆਂ ਵੱਲ ਸੇਧੋ। ਅਗਰ ਤੁਸੀਂ ਆਪਣੇ ਸੁਭਾਅ ਵਿੱਚ ਕੋਈ ਤਬਦੀਲੀ ਨਹੀਂ ਲਿਆਂਦੀ ਅਤੇ ਪੰਥਕ ਵਿਦਵਾਨਾਂ ਦੇ ਕਾਰਟੂਨ ਬਣਾਉਣੇ ਬੰਦ ਨਾਂ ਕੀਤੇ, ਤਾਂ ਅਗਲੇ ਹਫਤੇ ਤੋਂ ਅਸੀਂ ਵੀ ਜੁਵਾਬ ਦੇਵਾਂਗੇ। ਅਸੀਂ ਪਹਿਲ ਨਹੀਂ ਕਰਾਂਗੇ ਪਰ ਜੁਵਾਬ ਜਰੂਰ ਦੇਵਾਂਗੇ। ਆਸ ਕਰਦੇ ਹਾਂ ਕਿ ਆਪ ਜੀ ਸਾਨੂੰ ਅਜੇਹੀ ਬੇਹੁਦਾ ਹਰਕਤ ਕਰਨ ਲਈ ਮਜਬੂਰ ਨਹੀਂ ਕਰੋਗੇ।

ਧੰਨਵਾਦ ਸਹਿਤ: ਸਵੱਦੀ ਨਿਊਜ਼