ਭੁਲਣਾਂ ਨੂੰ ਖੁੱਲ੍ਹੀ ਚਿੱਠੀ

DarshanSingh

ਰੋਜ਼ਾਨਾ ਸਪੋਕਸਮੈਨ ੩੦ ਜਨਵਰੀ ੨੦੦੮

ਅਖੰਡ ਕੀਰਤਨੀ ਜੱਥੇ ਵਾਲੇ ਪੰਥਕ ਮੁੱਦਿਆਂ ਤੇ ਤਾਂ ਰੜਕਦੇ ਨਹੀਂ, ਤਾਂ ਫਿਰ ਪ੍ਰੋ ਦਰਸ਼ਨ ਸਿੰਘ ਵਰਗੇ ਪੰਥਕ ਵਿਦਵਾਨਾ ਦਾ ਕਿਉਂ ਵਿਰੋਧ ਕਰਦੇ ਹਨ।

Vedanti, Rulda Singh (RSS) and Baldev Singh AKJ

ਫਰੀਮਾਂਟ (ਸਰਬਜੋਤ ਸਿੰਘ ਸਵੱਦੀ) ਕਨੇਡਾ ਅਮਰੀਕਾ ਦੀਆਂ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਆਗੂਆਂ ਜਿੰਨਾਂ ਵਿੱਚ ਸਰਵ ਸ੍ਰੀ ਸ੍ਰ. ਗੁਰਚਰਨ ਸਿੰਘ ਜਿਉਣ ਸਿੰਘ ਵਾਲਾ, ਸਰਬਜੀਤ ਸਿੰਘ ਸੈਕਰਾਮੈਂਟੋ, ਭਾਈ ਪਰਮਜੀਤ ਸਿੰਘ ਦਾਖਾ, ਪ੍ਰੋ. ਮੱਖਣ ਸਿੰਘ ਸੈਕਰਾਮੈਂਟੋ, ਡਾ. ਗੁਰਮੀਤ ਸਿੰਘ ਬਰਸਾਲ ਸੈਨਹੋਜੇ, ਗੁਰਪ੍ਰੀਤ ਸਿੰਘ ਮਾਨ, ਭਾਈ ਅਵਤਾਰ ਸਿੰਘ ਮਿਸ਼ਨਰੀ, ਕੈਪਟਨ ਜੁਗਰਾਜ ਸਿੰਘ, ਸ੍ਰ ਕਾਰਜ ਸਿੰਘ ਫਿਲਾਡਲਫੀਆ ਅਤੇ ਸੁਖਦੇਵ ਸਿੰਘ ਸਿਖਿਆਰਥੀ ਨੇ ਇੱਕ ਬਿਆਨ ਵਿੱਚ ਪ੍ਰੋ ਦਰਸ਼ਨ ਸਿੰਘ ਦੇ ਹੱਕ ਵਿੱਚ ਨਿੱਤਰਦਿਆਂ ਕਿਹਾ ਕਿ ਜਦੋਂ ਵੀ ਪੰਥ ਤੇ ਕੋਈ ਭੀੜ ਪੈਂਦੀ ਹੈ ਤਾਂ ਉਸ ਸਮੇਂ ਅਖੰਡ ਕੀਰਤਨੀ ਜੱਥੇ ਵਾਲੇ ਰੜਕਦੇ ਨਹੀਂ ਪਰ ਪ੍ਰੋ ਦਰਸ਼ਨ ਸਿੰਘ ਵਰਗੇ ਸਿੱਖ ਵਿਦਵਾਨ ਹੀ ਪੰਥ ਨੂੰ ਹਲੂਣਾ ਦਿੰਦੇ ਹਨ। ਪਿੱਛਲੇ ਅਰਸੇ ਵਿੱਚ ਸੌਦਾ ਸਾਧ, ਆਸੂਤੋਸ਼, ਭਨਿਆਰੇ ਵਾਲੇ ਨੇ ਗੁਰੂ ਗਰੰਥ ਅਤੇ ਪੰਥ ਤੇ ਜ਼ੋਰਦਾਰ ਹਮਲਾ ਕੀਤਾ ਤਾਂ ਉਸ ਸਮੇ ਅਖੰਡ ਕੀਰਤਨੀ ਜੱਥੇ ਦਾ ਕੋਈ ਵੀ ਮੈਂਬਰ ਸਾਹਮਣੇ ਨਹੀਂ ਆਇਆ। ਪੰਜਾਬ ਵਿੱਚ ਰਾਧਾ ਸੁਆਮੀ, ਜਾਂ ਹੋਰ ਡੇਰੇਦਾਰਾਂ ਵਲੋਂ ਗੁਰੂ-ਖਾਲਸਾ ਤੇ ਹਮਲਾ ਕੀਤਾ ਹੋਇਆ ਹੈ ਤਾਂ ਇਨਾਂ ਦੇ ਖਿਲਾਫ ਅਖੰਡ ਕੀਰਤਨੀ ਜੱਥੇ ਵਾਲੇ ਬੋਲਦੇ ਨਹੀਂ ਪਰ ਜੇ ਕੋਈ ਸਿੱਖ ਵਿਦਵਾਨ ਖਾਲਸਾ ਪੰਥ ਤੋਂ ਬ੍ਰਹਮਣਵਾਦੀ ਰੰਗਤ ਨੂੰ ਲਾਹੁਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਡਾਂਗਾ ਲੈ ਕੇ ਮਗਰ ਪੈ ਜਾਂਦੇ ਹਨ ਜਾਂ ਫਿਰ ਪੰਥਕ ਵਿਦਵਾਨਾ ਦੇ ਕਾਰਟੂਨ ਬਣਾ ਕੇ ਖੁਸ਼ੀ ਮਹਿਸੂਸ ਕਰਦੇ ਹਨ ਜਦੋ ਕਿ ਬੰਬੇ ਫਿਲਮ ਇੰਡਸਟਰੀ ਪਹਿਲਾਂ ਹੀ ਸਿੱਖਾਂ ਨੂੰ ਕਾਰਟੂਨ ਬਣਾ ਕੇ ਪੇਸ਼ ਕਰ ਰਹੀ ਹੈ ਹੁਣ ਇਹ ਸੇਵਾ ਅਖੰਡ ਕੀਰਤਨੀ ਜੱਥੇ ਨੇ ਆਪਣੀ ਵੈਬ-ਸਾਈਟ ਤੇ ਸੰਭਾਲ ਲਈ ਹੈ। ਇਹ ਕਿਹੜੀ ਪੰਥ ਦੀ ਸੇਵਾ ਹੈ? ਉਕਤ ਆਗੂਆਂ ਨੇ ਕਿਹਾ ਕਿ ਅਖੰਡ ਕੀਰਤਨੀ ਜੱਥੇ ਵਾਲੇ ਤਾਂ ਪ੍ਰੋ ਦਰਸ਼ਨ ਸਿੰਘ ਨਾਲ ਪੁਰਾਣੀ ਕਿੜ ਹੀ ਕੱਢਣਾ ਚਹੁੰਦੇ ਹਨ ਕਿਉਕਿ ਕੁੱਝ ਸਮਾਂ ਪਹਿਲਾਂ ਆਰ, ਐਸ, ਐਸ ਵਲੋਂ ਦਿੱਲੀ ਵਿੱਚ ਹਨੂਮਾਨ ਦੇ ਬੁੱਤ ਦਾ ਉਦਘਾਟਨ ਕੀਤਾ ਸੀ ਅਤੇ ਉਸ ਸਮੇਂ ਆਪਣੇ ਆਪ ਨੂੰ ਬਿਵੇਕੀ ਅਤੇ ਸਰਬਲੋਹੀ ਸਿੱਖ ਅਖਵਾਉਣ ਵਾਲੇ ਅਖੰਡ ਕੀਰਤਨੀ ਜੱਥੇ ਵੱਲੋਂ ਰੈਣ-ਸੁਬਾਈ ਕੀਰਤਨ ਕੀਤਾ ਸੀ। ਅਤੇ ਇਸ ਸਾਰੀ ਗਾਥਾ ਨੂੰ ਪ੍ਰੋ ਦਰਸ਼ਨ ਸਿੰਘ ਨੇ ਆਪਣੀ ਕੈਸਿਟ ਵਿੱਚ ਪੇਸ਼ ਕੀਤਾ ਸੀ, ਚਾਹੀਦਾ ਤਾਂ ਇਹ ਸੀ ਕਿ ਅਖੰਡ ਕੀਰਤਨੀ ਜੱਥਾ ਸਪੱਸ਼ਟ ਕਰਦਾ ਕਿ ਹਨੂਮਾਨ ਦੇ ਬੁੱਤ ਤੇ ਕਿਸ ਮਜ਼ਬੂਰੀ ਕਾਰਨ ਰੈਣ-ਸੂਬਾਈ ਕੀਰਤਨ ਕੀਤਾ ਸੀ ਜਾਂ ਫਿਰ ਕੋਈ ਆਰ, ਐਸ, ਐਸ ਨਾਲ ਕੋਈ ਗੂੜੀ ਸਾਂਝ ਭਿਆਲੀ ਸੀ। ਯਾਦ ਰਹੇ ਕਿ ਕੁੱਝ ਸਮਾਂ ਪਹਿਲਾਂ ਸੰਘ ਆਗੂ ਸੁਦਰਸ਼ਨ ਨੇ ਅੰਮ੍ਰਿਤਸਰ ਵਿੱਚ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ ਸੀ ਸਿੱਖਾ ਵਲੋਂ ਦਸਮ ਗਰੰਥ ਨੂੰ ਮਾਨਤਾ ਦੇ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਸਿੱਖ ਹਿੰਦੂਆਂ ਦਾ ਹਿੱਸਾ ਹਨ। ਕਿਉਕਿ ਦਸਮ ਗਰੰਥ ਵਿੱਚ ਹਿੰਦੂ ਸੰਸਕ੍ਰਿਤੀ ਹੀ ਹੈ। ਹੁਣ ਜਦੋਂ ਪ੍ਰੋ ਦਰਸ਼ਨ ਸਿੰਘ ਵਰਗੇ ਸਿੱਖ ਵਿਦਵਾਨਾ ਨੇ ਇਸ ਧੂੜ ਨੂੰ ਸਿੱਖਾਂ ਦੇ ਦਿਮਾਗ ਤੋਂ ਲਾਹੁਣ ਦਾ ਯਤਨ ਕੀਤਾ ਹੈ ਤਾਂ ਅਖੰਡ ਕੀਰਤਨੀ ਜੱਥੇ ਵਾਲੇ ਪ੍ਰੋ ਦਰਸ਼ਨ ਸਿੰਘ ਦਾ ਵਿਰੋਧ ਕਰ ਕੇ ਕਿਸ (ਸੁਦਰਸ਼ਨ) ਦਾ ਪੱਖ ਪੂਰ ਰਹੇ ਹਨ? ਕਿੰਨੀ ਹਾਸੋਹੀਣੀ ਗੱਲ ਹੈ ਕਿ ਅਖੰਡ ਕੀਰਤਨੀ ਜੱਥੇ ਵਾਲੇ ਜੋ ਕਿ ਆਪਣੇ ਆਪ ਨੂੰ ਬਿਬੇਕੀ ਅਤੇ ਸਰਬਲੋਹੀ ਅਖਵਾਉਦੇ ਹਨ, ਇਨਾਂ ਦੀ ਸੁਰ ਪੰਥਕ ਵਿਦਵਾਨ ਪ੍ਰੋ ਦਰਸ਼ਨ ਸਿੰਘ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਵੀ ਹਨ ਉਨਾਂ ਨਾਲ ਤਾਂ ਮਿਲਦੀ ਨਹੀਂ ਪਰ ਸੰਘ ਆਗੂ ਸੁਦਰਸ਼ਨ ਨਾਲ ਮਿਲਦੀ ਹੈ। ਇੱਕ ਪਾਸੇ ਤਾਂ ਅਖੰਡ ਕੀਰਤਨੀਏਂ ਗੁਰੂ ਗਰੰਥ ਸਾਹਿਬ ਵਿੱਚ ਦਰਜ਼ ਰਾਗਮਾਲਾ ਨੂੰ ਮੰਨ ਹੀ ਨਹੀ ਰਹੇ, ਅਗਰ ਸਹਿਜ਼ ਜਾਂ ਅਖੰਡ ਪਾਠ ਦਾ ਭੋਗ ਪੈਂਦਾ ਹੋਵੇ ਤਾਂ ਜਦ ਰਾਗਮਾਲਾ ਪੜੀ ਜਾਂਦੀ ਹੈ ਤਾਂ ਅਖੰਡ ਕੀਰਤਨੀ ਜੱਥੇ ਵਾਲੇ ਉੱਠ ਕੇ ਚਲੇ ਜਾਂਦੇ ਹਨ। ਪਰ ਦੂਸਰੇ ਪਾਸੇ ਅਸ਼ਲੀਲ ਰਚਨਾ ਜਿਸ ਦਾ ਪਤਾ ਹੀ ਨਹੀਂ ਇਹ ਕਿਸ ਨੇ ਲਿੱਖੀ ਹੈ ਉਸ ਨੂੰ ਗੁਰੂ ਕਿਰਤ ਕਹਿ ਕੇ ਸਿੱਖਾਂ ਤੇ ਠੋਸ ਰਹੇ ਹਨ। ਅਸੀਂ ਤਾਂ ਅਖੰਡ ਕੀਰਤਨੀ ਜੱਥੇ ਵਾਲਿਆਂ ਨੂੰ ਇਹੀ ਕਹਾਂਗੇ ਕਿ ਕਿਨਾਂ ਚੰਗਾ ਹੋਵੇ ਕਿ ਆਪਣੀ ਵਿਦਵਤਾ ਅਤੇ ਪ੍ਰਚਾਰ ਰੂਪੀ ਤੋਪਾਂ ਦਾ ਮੂੰਹ ਪੰਥਕ ਵਿਦਵਾਨਾਂ ਦੀ ਬਜਾਏ ਪੰਥ ਦੋਖੀ ਸੋਦਾ ਸਾਧ, ਭਨਿਆਰਾ ਵਾਲਾ, ਰਾਧਾ ਸੁਆਮੀ, ਬਿਹਾਰੀ ਭਈਆ ਆਸ਼ੂਤੋਸ਼ ਵੱਲ ਸੇਧਤ ਕਰੇ।

ਪ੍ਰੋ. ਦਰਸ਼ਨ ਸਿੰਘ ਨੂੰ ਚੈਲੈਂਜ ਕਰਨ ਵਾਲੇ ਹੰਕਾਰੀ ਦਸਮਗ੍ਰੰਥੀਏ ਆਪਣੀ ਪੀੜੀ ਥੱਲੇ ਸੋਟਾ ਮਾਰ ਕੇ ਦੇਖਣ

ਕਪੂਰਥਲਾ 27 ਜਨਵਰੀ (ਗੁਰਮੀਤ ਕਾਦੀਆਨੀ, ਕਿਰਣਪ੍ਰੀਤ ਭਾਟੀਆ) ਪ੍ਰਸਿੱਧ ਕੀਰਤਨੀਏ ਅਤੇ ਗੁਰਮਤਿ ਵਿਆਖਿਆਕਾਰ ਸਿੰਘ ਸਾਹਿਬ ਪ੍ਰੋ. ਦਰਸ਼ਨ ਸਿੰਘ ਖਾਲਸਾ ਵਲੋਂ ਦਸਮ ਗ੍ਰੰਥ ਬਾਰੇ ਸੱਚ ਸੰਗਤਾਂ ਸਾਹਮਣੇ ਰੱਖੇ ਜਾਣ ਤੋਂ ਖਫਾ ਹੋਏ ਕੁੱਝ ਅਖੌਤੀ ਦਸਮਗ੍ਰੰਥੀਆਂ ਨੇ ਹੁਣ ਆਪਣੇ ਤੌਰ ਤੇ ਹੀ ਸਿੰਘ ਸਾਹਿਬ ਨੂੰ 31 ਜਨਵਰੀ ਨੂੰ ਤਖਤ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਤਲਬ ਹੋਣ ਦਾ ਹੁਕਮ ਸੁਣਾਇਆ ਹੈ। ਜ਼ਾਹਰਾ ਤੌਰ ਤੇ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਹੇ ਇਹਨਾਂ ਅਖੌਤੀ ਦਸਮਗ੍ਰੰਥੀ ਵਿਦਵਾਨਾਂ ਨੇ ਪੈਂਤੜਾ ਖੇਡਦਿਆਂ ਇਹ ਸ਼ਰਤ ਰੱਖੀ ਹੈ ਕਿ ਇਸ ਮੌਕੇ ਪ੍ਰੋ. ਸਾਹਿਬ ਨਾਲ ਕੇਵਲ ਉਹੀ ਵਿਅਕਤੀ ਹਾਜਰ ਹੋ ਸਕਦੇ ਹਨ, ਜੋ ਸਿੱਖ ਰਹਿਤ ਮਰਿਆਦਾ ਵਿੱਚ ਦਰਜ ‘ਸਿੱਖ’ ਦੀ ਪਰਿਭਾਸ਼ਾ ਉਪਰ ਪੂਰੇ ਉਤਰਦੇ ਹੋਣ। ਨਾਲ ਹੀ ਉਹਨਾਂ ਪ੍ਰੋ. ਸਾਹਿਬ ਦੀ ਗੈਰ ਮੌਜੂਦਗੀ ਵਿੱਚ ਕਿਸੇ ਹੋਰ ਵਿਅਕਤੀ ਨਾਲ ਗੱਲਬਾਤ ਕਰਨ ਤੋਂ ਵੀ ਇਨਕਾਰ ਕੀਤਾ ਹੈ।

ਪਹਿਲੀ ਨਜਰ ਨਾਲ ਦੇਖਿਆਂ ਇਹੀ ਮਹਿਸੂਸ ਹੁੰਦਾ ਹੈ ਕਿ ਇਹ ਅਖੌਤੀ ਵਿਦਵਾਨ ਦੂਜਿਆਂ ਉਪਰ ਸਿੱਖ ਰਹਿਤ ਮਰਿਆਦਾ ਤੇ ਪੂਰੇ ਉਤਰਣ ਦੀ ਸ਼ਰਤ ਰੱਖ ਰਹੇ ਹਨ, ਇਸ ਲਈ ਇਹ ਆਪ ਜਰੂਰ ਹੀ ਇਸ ਰਹਿਤ ਮਰਿਆਦਾ ਦੇ ਅੱਖਰ ਅੱਖਰ ਉਪਰ ਪਹਿਰਾ ਦਿੰਦੇ ਹੋਣਗੇ। ਪਰ ਜਦੋਂ ਹੰਕਾਰੀ ਲਫਜਾਂ ਨਾਲ ਚੈਲੈਂਜ ਕਰਨ ਵਾਲੀਆਂ ਜਥੇਬੰਦੀਆਂ ਵੱਲ ਦੇਖਿਆ ਜਾਵੇ ਤਾਂ ਸਚਾਈ ਝੱਟ ਸਾਹਮਣੇ ਆ ਜਾਵੇਗੀ, ਕਿ ਇਹ ਤਾਂ ਉਹੀ ਗੱਲ ਹੋਈ ਕਿ “ਅਵਰੁ ਉਪਦੇਸੈ ਆਪਿ ਨਾ ਕਰੈ”। ਜਿਹੜੀਆਂ ਜਥੇਬੰਦੀਆਂ ਦੀ ਹੋਂਦ ਹੀ ਸਿੱਖ ਰਹਿਤ ਮਰਿਆਦਾ ਲਈ ਚੈਲੈਂਜ ਹੈ, ਉਹ ਦੂਜਿਆਂ ਨੂੰ ਮੱਤਾਂ ਦੇ ਰਹੇ ਹਨ। ਬਿਆਨ ਅਨੁਸਾਰ ਚੈਲੈਂਜ ਕਰਨ ਵਾਲਿਆਂ ਵਿੱਚ ਅਖੰਡ ਕੀਰਤਨੀ ਜਥਾ, ਆਰ. ਐਸ. ਐਸ. ਦੀ ਕਥਿਤ ਏਜੰਟ ਸੰਸਥਾ ‘ਗੁਰਸਿੱਖ’, ਅਖੰਡ ਕੀਰਤਨੀ ਜਥੇ ਦੇ ਪ੍ਰਬੰਧ ਅਧੀਨ ਗੁਰਦੁਆਰਾ ਤਪੋਬਨ ਸਾਹਿਬ ਅਤੇ ਸ਼ਹਿਬਾਜ ਖਾਲਸਾ ਆਦਿ ਸੰਸਥਾਵਾਂ ਸ਼ਾਮਲ ਹਨ। ਵਰਣਨਯੋਗ ਹੈ ਕਿ ਗੁਰਸਿੱਖ ਸੰਸਥਾ ਦੇ ਮੁੱਖੀ ਤਰਦੀਪ ਸਿੰਘ ਨੇ ਤਾਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਵੀ ਸਰਕਾਰੀ ਏਜੰਟ ਐਲਾਨਿਆ ਹੋਇਆ ਹੈ। ਜਿਸ ਕਰਕੇ ਦਮਦਮੀ ਟਕਸਾਲ ਹੁਣ ਉਸਤੋਂ ਮੁਕੰਮਲ ਤੋੜ ਵਿੜੋੜਾ ਕਰ ਚੁੱਕੀ ਹੈ। ਦੂਜੇ ਪਾਸੇ ਅਖੰਡ ਕੀਰਤਨੀ ਜਥੇ ਦੀ ਗੁਰੂ ਸਾਹਿਬ ਉਪਰ ਇੰਨੀ ਸ਼ਰਧਾ ਨਹੀਂ, ਜਿੰਨੀ ਉਹਨਾਂ ਦੀ ਇਸ ਸੰਸਥਾ ਦੇ ਮੁੱਖੀ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਉਪਰ। ਗੁਰਬਾਣੀ ਵਿਚਾਰ ਤੋਂ ਥੋਥੇ ਇਹ ਵੀਰ ਸਿਰਫ ਕੰਨ ਰਸ ਕੀਰਤਨ ਨੂੰ ਹੀ ਆਪਣੀ ਸਾਧਨਾ ਸਮਝੀ ਬੈਠੇ ਹਨ। ਹੰਕਾਰ ਵਿੱਚ ਆ ਕੇ ਦੂਜਿਆਂ ਨੂੰ ਸਿੱਖ ਰਹਿਤ ਮਰਿਆਦਾ ਅਨੁਸਾਰੀ ਹੋਣ ਦੀ ਸ਼ਰਤ ਲਗਾਉਣ ਵਾਲੇ ਸਾਡੇ ਇਹਨਾਂ ਵੀਰਾਂ ਦੀ ਖੁਦ ਇਸ ਰਹਿਤ ਮਰਿਆਦਾ ਉਪਰ ਕਿੰਨੀ ਕੁ ਆਸਥਾ ਹੈ ਇਹ ਇਸ ਤੋਂ ਪ੍ਰਤੱਖ ਹੁੰਦੀ ਹੈ ਕਿ ਇਹ ਖੁਦ ਪੰਜ ਕਕਾਰਾਂ ਉਪਰ ਵੀ ਕੌਮ ਨਾਲੋਂ ਮਤਭੇਦ ਰਖੀ ਬੈਠੇ ਹਨ। ਬ੍ਰਾਹਮਣੀ ਸੋਚ ਅਨੁਸਾਰ ਅਖੌਤੀ ਸੁੱਚਮ ਰੱਖ ਕੇ ਆਪਣੇ ਆਪਨੂੰ ਸਰਵੋਤਮ ਸਿੱਖ ਹੋਣ ਦਾ ਹੰਕਾਰ ਆਪਣੇ ਮਨ ਵਿੱਚ ਪਾਲੀ ਬੈਠੇ ਸਾਡੇ ਇਹ ਵੀਰ ਕੇਸਾਂ ਨੂੰ ਕਕਾਰ ਮੰਨਣ ਲਈ ਹੀ ਤਿਆਰ ਨਹੀਂ। ਹੋਰ ਤਾਂ ਹੋਰ, ਇਹਨਾਂ ਅਨੁਸਾਰ ਖੰਡੇ ਬਾਟੇ ਦੀ ਪਾਹੁਲ ਵੀ ਉਹੀ ਲੈਣੀ ਚਾਹੀਦੀ ਹੈ, ਜਿਹੜੀ ਇਹਨਾਂ ਦੀ ਸੰਸਥਾ ਦੇ ਸਿੰਘਾਂ ਵਲੋਂ ਤਿਆਰ ਕੀਤੀ ਗਈ ਹੋਵੇ। ਸਿੱਖ ਰਹਿਤ ਮਰਿਆਦਾ ਤੋਂ ਉਲਟ ਚਲਦਿਆਂ ਨਿੱਤਨੇਮ ਦੀਆਂ ਬਾਣੀਆਂ ਵੀ ਆਪਣੇ ਜਥੇ ਅਨੁਸਾਰ ਸਿੱਖ ਪੰਥ ਉਪਰ ਥੋਪਣਾ ਇਹ ਆਪਣਾ ਕੌਮੀ ਫਰਜ਼ ਸਮਝੀ ਬੈਠੇ ਹਨ।

ਅਗਿਆਨਤਾ ਵੱਸ ਜਿਹੜੇ ਵੀਰ ਦਸਮ ਗ੍ਰੰਥ ਵਿਚਲੀਆਂ ਅਸ਼ਲੀਲ ਕਵਿਤਾਵਾਂ ਨੂੰ ਦਸਮ ਪਾਤਸ਼ਾਹ ਨਾਲ ਜੋੜ ਕੇ ਆਪਣੇ ਆਪ ਨੂੰ ਸਰਵੋਤਮ ਸਿੱਖ ਸਮਝ ਰਹੇ ਸਨ, ਹੁਣ ਉਹਨਾਂ ਆਪਣੇ ਹੋਰ ਹੰਕਾਰ ਦਾ ਪ੍ਰਗਟਾਵਾ ਕਰਦਿਆਂ ਕੌਮ ਦੇ ਪ੍ਰਸਿੱਧ ਵਿਦਵਾਨ ਪ੍ਰੋ. ਦਰਸ਼ਨ ਸਿੰਘ ਜੀ ਨੂੰ ਹੀ ਚੈਲੈਂਜ ਕਰਨਾ ਸ਼ੁਰੂ ਕਰ ਦਿੱਤਾ ਹੈ। ਦੋਸ਼ ਇਹੀ ਲਗਾਇਆ ਹੈ ਕਿ ਪ੍ਰੋ. ਸਾਹਿਬ ਨੇ ਦਸਮ ਗ੍ਰੰਥ ਵਿਚਲੀਆਂ ਰਚਨਾਵਾਂ ਬਾਰੇ ਸੱਚ ਬਿਆਨ ਕਰਕੇ ਸੰਗਤਾਂ ਨੂੰ ਸੁਚੇਤ ਕਰਨ ਦੀ ਆਪਣੀ ਜਿੰਮੇਵਾਰੀ ਬਾਖੂਬੀ ਕਿਉਂ ਨਿਭਾਈ? ਇਥੋਂ ਤੱਕ ਕਿ ਦਸਮ ਗ੍ਰੰਥ ਵਿਚਲੀਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਸ਼ੇ ਦੇ ਅਨੁਕੂਲ ਰਚਨਾਵਾਂ ਦਾ ਪ੍ਰੋ. ਸਾਹਿਬ ਨੇ ਸਤਿਕਾਰ ਕਰਦਿਆਂ ਉਹਨਾਂ ਰਚਨਾਵਾਂ ਨੂੰ ਵੱਖਰੇ ਤੌਰ ਤੇ ਸੰਭਾਲਣ ਲਈ ਵੀ ਸੰਗਤਾਂ ਨੂੰ ਤਾਕੀਦ ਕੀਤੀ ਸੀ। ਵਰਣਨਯੋਗ ਹੈ ਕਿ ਦਸਮ ਗ੍ਰੰਥ ਵਿਚਲੀਆਂ ਜਾਪੁ ਸਾਹਿਬ, ਜ਼ਫਰਨਾਮਾ ਅਤੇ ਅਕਾਲ ਉਸਤਤਿ ਜਿਹੀਆਂ ਬਾਣੀਆਂ ਬਾਰੇ ਪ੍ਰਮੁੱਖ ਸਿੱਖ ਵਿਦਵਾਨਾਂ ਦੇ ਵਿਚਾਰ ਵੀ ਪ੍ਰੋ. ਦਰਸ਼ਨ ਸਿੰਘ ਦੇ ਵਿਚਾਰਾਂ ਨਾਲ ਹੂ-ਬਹੂ ਮੇਲ ਖਾਂਦੇ ਹਨ। ਪਰ ਅਸ਼ਲੀਲ ਕਾਮੁਕ ਕਹਾਣੀਆਂ ਨਾਲ ਲੱਦੇ ਚਰਿਤਰੋ-ਪਖਿਆਨ ਨੂੰ ਕੁੱਝ ਹਲਕਿਆਂ ਵਲੋਂ ਗੁਰੂ ਗੋਬਿੰਦ ਜੀ ਜਿਹੀ ਲਾਸਾਨੀ ਸਖਸ਼ੀਅਤ ਨਾਲ ਜੋੜਣ ਵਿਰੁੱਧ ਸਿੱਖ ਜਥੇਬੰਦੀਆਂ ਲਗਾਤਾਰ ਸੰਘਰਸ਼ ਕਰ ਰਹੀਆਂ ਹਨ।

ਕਪੂਰਥਲਾ ਦੇ ਪ੍ਰਮੁੱਖ ਸਿੱਖ ਵਿਦਵਾਨ ਠੇਕੇਦਾਰ ਸੁਰਿੰਦਰ ਸਿੰਘ ਖਾਲਸਾ ਅਨੁਸਾਰ ਵਿਵਾਦ ਦਾ ਮੁੱਖ ਕਾਰਣ ਮੌਜੂਦਾ ਦਸਮ ਗ੍ਰੰਥ ਨੂੰ ਸ਼੍ਰੀ ਗੁਰੂ ਦਸਮ ਗ੍ਰੰਥ ਸਾਹਿਬ ਕਰਕੇ ਵਡਿਆਉਣਾ ਅਤੇ ਇਸਨੂੰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ ਕਰਨਾ ਹੀ ਹੈ। ਉਹਨਾਂ ਅਨੁਸਾਰ ਮੌਜੂਦਾ ਵਿਵਾਦ ਦਾ ਇੱਕੋ ਇੱਕ ਹੱਲ ਇਸ ਗ੍ਰੰਥ ਵਿਚਲੀਆਂ ਸਹੀ ਬਾਣੀਆਂ ਨੂੰ ਅਸ਼ਲੀਲ ਰਚਨਾਵਾਂ ਤੋਂ ਵੱਖਰਿਆਂ ਕਰਕੇ ਇਸਨੂੰ ਇੱਕ ਧਾਰਮਿਕ ਗ੍ਰੰਥ ਦੇ ਰੂਪ ਵਿੱਚ ਸਾਂਭਣਾ ਹੀ ਹੈ। ਪਰ ਫਿਰ ਵੀ ਇਸਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ਿਤ ਨਹੀਂ ਕੀਤਾ ਜਾ ਸਕੇਗਾ। ਸੋਧ ਕਰਕੇ ਤਿਆਰ ਕੀਤੇ ਇਸ ਗ੍ਰੰਥ ਦੀਆਂ ਰਚਨਾਵਾਂ ਦਾ ਉਸੇ ਤਰ੍ਹਾਂ ਹੀ ਕੀਰਤਨ ਕੀਤਾ ਜਾ ਸਕੇਗਾ, ਜਿਸ ਤਰ੍ਹਾਂ ਭਾਈ ਗੁਰਦਾਸ ਜੀ ਅਤੇ ਭਾਈ ਨੰਦਲਾਲ ਸਿੰਘ ਦੀਆਂ ਰਚਨਾਵਾਂ ਦਾ ਕੀਰਤਨ ਕਰਨ ਦੀ ਮਰਿਆਦਾ ਨਿਭਾਈ ਜਾ ਰਹੀ ਹੈ।

ਸ. ਸੁਰਿੰਦਰ ਸਿੰਘ ਅਨੁਸਾਰ ਭਾਈ ਗੁਰਦਾਸ ਜੀ ਦੀਆਂ ਰਚਨਾਵਾਂ ਬਾਰੇ ਵਿਵਾਦ ਤਾਂ ਖਾਹਮਖਾਹ ਹੀ ਸਿੱਖ ਕੌਮ ਨੇ ਸਹੇੜਿਆ ਹੋਇਆ ਹੈ। ਉਹਨਾਂ ਕਿਹਾ ਕਿ ਇਤਿਹਾਸ ਵਾਚਿਆਂ ਇਹ ਸਪੱਸ਼ਟ ਹੁੰਦਾ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਰੂਪ ਨੂੰ ਤਿਆਰ ਕਰਨ ਵਿੱਚ ਸਹਾਇਕ ਭਾਈ ਗੁਰਦਾਸ ਜੀ ਨੇ ਕੇਵਲ ਚਾਲੀ ਵਾਰਾਂ ਹੀ ਰਚੀਆਂ। ਇਹਨਾਂ ਰਚਨਾਵਾਂ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਵੀ ਕਈ ਸਿੱਖ ਹਲਕਿਆਂ ਵਿੱਚ ਵਡਿਆਇਆ ਜਾਂਦਾ ਹੈ। ਪਰ ਬਾਦ ਵਿੱਚ ਕਿਸੇ ਸਾਜਿਸ਼ ਅਧੀਨ ਹੀ ਕਿਸੇ ਦੂਸਰੇ ਗੁਰਦਾਸ ਨਾਮੀ ਸਿੱਖ ਦੀ ਰਚਨਾ ਨੂੰ ਇਹਨਾਂ ਚਾਲੀ ਵਾਰਾਂ ਨਾਲ ਜੋੜ ਦਿੱਤਾ ਗਿਆ। ਗੁਰੂ ਗੋਬਿੰਦ ਸਿੰਘ ਜੀ ਦੁਆਰਾ ਖੰਡੇ ਬਾਟੇ ਦੀ ਪਾਹੁਲ ਤਿਆਰ ਕਰਨ ਦਾ ਬਿਰਤਾਂਤ ਇਕਤਾਲੀਵੀਂ ਵਾਰ ਵਿੱਚ ਹੋਣਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਹ ਰਚਨਾ ਅਸਲ ਭਾਈ ਗੁਰਦਾਸ ਜੀ ਦੀ ਨਹੀਂ, ਕਿਉਂਕਿ ਉਹਨਾਂ ਦਾ ਦਿਹਾਂਤ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਹੀ ਹੋ ਗਿਆ ਸੀ।

ਉਹਨਾਂ ਕੁੱਝ ਜਥੇਬੰਦੀਆਂ ਵਲੋਂ ਪ੍ਰੋ. ਦਰਸ਼ਨ ਸਿੰਘ ਨੂੰ ਦਸਮਗ੍ਰੰਥ ਅਤੇ ਭਾਈ ਗੁਰਦਾਸ ਦੀ ਕਥਿਤ ਇਕਤਾਲੀਵੀਂ ਵਾਰ ਤੇ ਟਿੱਪਣੀ ਕਰਨ ਲਈ ਚੈਲੈਂਜ ਕਰਨ ਨੂੰ ਦੁਖਦਾਈ ਦਸਦਿਆਂ ਕਿਹਾ ਕਿ ਅਸਲ ਵਿੱਚ ਇਸ ਸਾਰੇ ਵਰਤਾਰੇ ਲਈ ਸ਼੍ਰੌਮਣੀ ਕਮੇਟੀ ਅਤੇ ਸਾਡੇ ਪੰਥਕ ਆਗੂ ਹੀ ਜਿੰਮੇਵਾਰ ਹਨ, ਜਿਹਨਾਂ ਉਪਰੋਕਤ ਵਿਵਾਦਾਂ ਦਾ ਗੁਰਮਤਿ ਅਨੁਸਾਰੀ ਹੱਲ ਕੱਢਣ ਦੀ ਬਜਾਏ ਕੌਮ ਨੂੰ ਅੱਜ ਤੱਕ ਦੁਬਿਧਾ ਵਿੱਚ ਪਾਈ ਰਖਿਆ ਹੈ। ਇਸੇ ਦੁਬਿਧਾ ਦਾ ਨਜਾਇਜ਼ ਫਾਇਦਾ ਉਪਰੋਕਤ ਜਥੇਬੰਦੀਆਂ ਤਖਤਾਂ ਤੇ ਬੈਠੇ ਬ੍ਰਾਹਮਣਵਾਦੀ ਪੁਜਾਰੀਆਂ ਰਾਹੀਂ ਉਠਾਉਣਾ ਚਾਹ ਰਹੇ ਹਨ। ਜਿਸਨੂੰ ਸਿੱਖ ਜਥੇਬੰਦੀਆਂ ਕਦੇ ਵੀ ਬਰਦਾਸ਼ਤ ਨਹੀਂ ਕਰਨਗੀਆਂ। ਉਹਨਾਂ ਚੈਲੈਂਜ ਕਰਨ ਵਾਲੇ ਵੀਰਾਂ ਲਈ ਬਿਬੇਕ ਬੁੱਧੀ ਦੀ ਅਰਦਾਸ ਕਰਦਿਆਂ ਕਿਹਾ ਕਿ ਸਿੱਖ ਕੌਮ ਬੇਹਤਰੀ ਲਈ ਸਾਨੂੰ ਅਜਿਹੇ ਵਿਵਾਦ ਰਲ ਮਿਲ ਕੇ ਹੀ ਹੱਲ ਕਰਨੇ ਚਾਹੀਦੇ ਹਨ, ਨਾ ਕਿ ਕਿਸੇ ਦੀ ਨਾਮੋਸ਼ੀ ਦੇਖਣ ਖਾਤਰ।

ਅਖੌਤੀ ਪੁਜਾਰੀਆਂ ਦੀ ਆਪ-ਹੁਦਰੀ ਕਾਰਵਾਈ ਨੇ ਇੱਕ ਵਾਰ ਫਿਰ ਸਿੱਖ ਕੌਮ ਨੂੰ ਭੰਬਲ-ਭੂਸੇ ਵਿੱਚ ਪਾਇਆ

ਇੱਕ ਜਥੇਦਾਰ ਤਾਂ ਕੀ, ਪੰਜੇ ਜਥੇਦਾਰਾਂ ਨੂੰ ਵੀ ਸਿੱਖ ਰਹਿਤ ਮਰਿਆਦਾ ਵਿੱਚ ਤਬਦੀਲੀ ਕਰਨ ਦਾ ਕੋਈ ਅਧਿਕਾਰ ਨਹੇੀਂ।

ਪੂਰਥਲਾ 24 ਜਨਵਰੀ (ਗੁਰਮੀਤ ਸਿੰਘ ਕਾਦੀਆਨੀ, ਕਿਰਣਪ੍ਰੀਤ ਕੌਰ ਭਾਟੀਆ) ਪਾਵਨ ਤਖਤ ਸਹਿਬਾਨਾਂ ਤੇ ਕਾਬਜ ਪੁਜਾਰੀ ਵਰਗ ਦੀਆਂ ਆਪ ਹੁਦਰੀਆਂ ਕਾਰਵਾਈਆਂ ਕਾਰਣ ਜਿੱਥੇ ਸਿੱਖ ਪਹਿਲਾਂ ਹੀ ਨਾਮੋਸ਼ੀ ਦਾ ਸਾਹਮਣਾ ਕਰ ਰਹੇ ਸਨ, ਉੱਥੇ ਤਖਤ ਪਟਨਾ ਸਾਹਿਬ ਦੇ ਕਾਮੀ ਜਥੇਦਾਰ ਇਕਬਾਲ ਸਿੰਘ ਦੀ ਸਿੱਖ ਪੰਥ ਨਾਲ ਕੀਤੀ ਕੋਝੀ ਸ਼ਰਾਰਤ ਨੇ ਖਤਰਨਾਕ ਹੱਦ ਤੱਕ ਦੁਬਿਧਾ ਪੈਦਾ ਕਰ ਦਿੱਤੀ ਹੈ। ਮੁੱਖ ਪੁਜਾਰੀ ਇਕਬਾਲ ਸਿੰਘ ਵਲੋਂ ਆਪਣੇ ਸਾਥੀ ਗ੍ਰੰਥੀਆਂ ਨਾਲ ਰਲ ਕੇ ਜਾਰੀ ਕੀਤੇ ਅਖੌਤੀ ਹੁਕਮਨਾਮੇ ਰਾਹੀਂ ਜਿੱਥੇ ਸਿੱਖ ਕੌਮ ਦੀ ਨਿਆਰੀ ਹਸਤੀ ਦੀ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਕੇ ਬ੍ਰਾਹਮਣੀ ਕੈਲੰਡਰ ਨੂੰ ਸੁਰਜੀਤ ਕਰਨ ਦਾ ਐਲਾਨ ਕੀਤਾ ਹੈ, ਉੱਥੇ ਉਸਨੇ ਪਾਗਲਪਨ ਦੀ ਹੱਦ ਵਿੱਚ ਜਾ ਕੇ ਸਿੱਖ ਕੌਮ ਦੇ ਸੰਵਿਧਾਨ ਵਜੋਂ ਜਾਣੀ ਜਾਂਦੀ ਸਿੱਖ ਰਹਿਤ ਮਰਿਆਦਾ ਨੂੰ ਹੀ ਰੋਲ ਕੇ ਰੱਖ ਦਿੱਤਾ ਹੈ।

ਸ ਤੋਂ ਪਹਿਲਾਂ ਵੀ ਅਕਾਲ ਤਖਤ ਸਾਹਿਬ ਦੇ ਇੱਕ ਮੁੱਖ ਪੁਜਾਰੀ ਨੇ ਅਜਿਹੀ ਸ਼ਰਾਰਤ ਕਰਦਿਆਂ ਅੰਮ੍ਰਿਤਸਰ ਤੋਂ ਕੋਹਾਂ ਦੂਰ ਬੈਠ ਕੇ ਆਪਣੇ ਤੌਰ ਤੇ ਹੀ ਗੁਣੇ ਤੋਂ ਹੁਕਮ ਜਾਰੀ ਕਰਕੇ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਹੀ ਸਿੱਖ ਪੰਥ ਵਿਚੋਂ ਖਾਰਜ ਕਰ ਦਿੱਤਾ ਸੀ। ਹੁਣ ਇਕਬਾਲ ਸਿੰਘ ਦੀ ਇਸ ਕਾਰਵਾਈ ਨਾਲ ਮੁੱਢ ਤੋਂ ਹੀ ਨਾਨਕਸ਼ਾਹੀ ਕੈਲੰਡਰ ਦੇ ਵਿਰੋਧ ਵਿੱਚ ਖੜ੍ਹਣ ਵਾਲੀ ਟਕਸਾਲ ਨੇ ਆਪਣੇ ਡੇਰੇ ਦੀ ਮਰਿਆਦਾ ਸਿੱਖ ਪੰਥ ਉਪਰ ਥੋਪਣ ਦੀ ਜੁਰੱਅਤ ਕੀਤੀ ਹੈ। ਪਰਾਈ ਇਸਤਰੀਆਂ ਨਾਲ ਸਬੰਧਾਂ ਕਰਕੇ ਕਾਮੀ ਜਥੇਦਾਰ ਵਜੋਂ ਜਾਣੇ ਜਾਂਦੇ ਇਕਬਾਲ ਸਿੰਘ ਨੇ ਇੱਕ ਤਰ੍ਹਾਂ ਨਾਲ ਇਤਿਹਾਸ ਨੂੰ ਪੁੱਠਾ ਗੇੜਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਸਦੀ ਇਸ ਕਾਰਵਾਈ ਨਾਲ ਪਿਛਲੀ ਸਦੀ ਦੇ ਆਰੰਭ ਵਿੱਚ ਸਿੰਘ ਸਭਾ ਲਹਿਰ ਦੀਆਂ ਪ੍ਰਾਪਤੀਆਂ ਖੂਹ ਖਾਤੇ ਪੈਣ ਦਾ ਡਰ ਪੈਦਾ ਹੋ ਗਿਆ ਹੈ। ਸ਼੍ਰੀ ਅਕਾਲਤਖਤ ਸਾਹਿਬ ਵਲੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਨੂੰ ਖਰੜਾ ਵਜੋਂ ਭੰਡ ਕੇ ਬੱਜਰ ਗਲਤੀ ਕਰਨ ਵਾਲੇ ਇਸ ਅਖੌਤੀ ਜਥੇਦਾਰ ਨੇ ਮੂਲ ਮੰਤਰ ਦੇ ਮੌਜੂਦਾ ਸਰੂਪ ਨੂੰ ਵੀ ਟਕਸਾਲੀਆਂ ਦੇ ਆਖੇ ਲੱਗ ਕੇ ‘ਹੋਸੀ ਭੀ ਸਚੁ’ ਤੱਕ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਭਾਵੇਂਕਿ ਮੌਜੂਦਾ ਮੁੱਖ ਪੁਜਾਰੀ ਗਿਆਨੀ ਵੇਦਾਂਤੀ ਵਲੋਂ ਇਹ ਬਿਆਨ ਆਇਆ ਹੈ ਕਿ ਪਟਨੇ ਵਾਲੇ ਪੁਜਾਰੀ ਨੂੰ ਅਜਿਹਾ ਕਰਨ ਦਾ ਕੋਈ ਅਧਿਕਾਰ ਨਹੀਂ, ਪਰ ਜਿਸ ਤਰ੍ਹਾਂ ਗਿਆਨੀ ਵੇਦਾਂਤੀ ਹਜੂਰ ਸਾਹਿਬ ਵਿਖੇ ‘ਹੋਸੀ ਭੀ ਸਚੁ’ ਤੱਕ ਮੂਲ ਮੰਤਰ ਪ੍ਰਚਾਰ ਕੇ ਆਏ ਹਨ ਅਤੇ ਬਾਕੀ ਪੰਥਕ ਮਸਲਿਆਂ ਬਾਰੇ ਵੀ ਉਹਨਾਂ ਵਲੋਂ ਅਪਣਾਇਆ ਗਲਤ ਰਵੱਈਆ ਇਹੀ ਸਾਬਤ ਕਰਨ ਲਈ ਕਾਫੀ ਹੈ ਕਿ “ਕੁੱਤੀ ਚੋਰਾਂ ਨਾਲ ਰਲੀ ਹੋਈ ਹੈ”।

ਪਟਨਾ ਸਾਹਿਬ ਦੇ ਕਾਮੀ ਜਥੇਦਾਰ ਵਲੋਂ ਆਪਣੇ ਕੁੱਝ ਸਹਾਇਕ ਗ੍ਰੰਥੀਆਂ ਨਾਲ ਅਖੌਤੀ ਹੁਕਮਨਾਮਾ ਜਾਰੀ ਕਰਕੇ ਤਰਥੱਲੀ ਮਚਾਉਣ ਨਾਲ ਸਿੱਖ ਜਗਤ ਵਿੱਚ ਵੱਡਾ ਵਿਵਾਦ ਛਿੜਣ ਦੀ ਸੰਭਾਵਨਾ ਹੈ। ਸਪੋਕਸਮੈਨ ਦੇ ਇਸ ਪ੍ਰਤੀਨਿਧ ਨੇ ਸਿੱਖ ਪੰਥ ਦੀਆਂ ਕਈ ਉੱਘੀਆਂ ਸਖਸ਼ੀਅਤਾਂ ਨਾਲ ਇਸ ਨਾਜੁਕ ਮਸਲੇ ਬਾਰੇ ਗੱਲ ਕੀਤੀ ਤਾਂ ਸਾਰਿਆਂ ਨੇ ਇਕਬਾਲ ਸਿੰਘ ਵਲੋਂ ਕੀਤੀ ਇਸ ਕਾਰਵਾਈ ਨੂੰ ਸਿੱਖ ਪੰਥ ਲਈ ਮੰਦਭਾਗਾ ਕਰਾਰ ਦਿੰਦਿਆਂ ਸਮੂਹ ਸਿੱਖ ਪੰਥ ਨੂੰ ਇਹ ਅਪੀਲ ਕੀਤੀ ਹੈ ਕਿ ਅਖੌਤੀ ਪੁਜਾਰੀਆਂ ਵਲੋਂ ਪਾਗਲਪਣ ਦੀ ਹਾਲਤ ਵਿੱਚ ਜਾਰੀ ਅਜਿਹੇ ਹੁਕਮਨਾਮਿਆਂ ਨੂੰ ਇੱਕਦਮ ਰੱਦ ਕਰਕੇ ਏਕਤਾ ਦਾ ਸਬੂਤ ਦੇਣ।

ਸ਼੍ਰੌਮਣੀ ਕਮੇਟੀ ਦੇ ਮੈਂਬਰ ਸ. ਗੁਰਵਿੰਦਰ ਸਿੰਘ ਸ਼ਾਮਪੁਰਾ ਨੇ ਇਹਨਾਂ ਅਖੌਤੀ ਹੁਕਮਨਾਮੇ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਕਿ ਸਾਡੇ ਜਥੇਦਾਰ ਪੰਥ ਵਿਰੋਧੀ ਸ਼ਕਤੀਆਂ ਦੇ ਹੱਥਾਂ ਵਿੱਚ ਖੇਡ ਰਹੇ ਹਨ। ਜੇਕਰ ਇਹਨਾਂ ਨੂੰ ਹੁਣੇ ਹੀ ਨੱਥ ਨਾ ਪਾਈ ਗਈ ਤਾਂ ਇਹ ਸਿੱਖ ਕੌਮ ਨੂੰ ਡੋਬ ਕੇ ਹੀ ਸਾਹ ਲੈਣਗੇ। ਉਹਨਾਂ ਸਪੱਸ਼ਟ ਕੀਤਾ ਕਿ ਕਿਸੇ ਵੀ ਤਖਤ ਦੇ ਇਕੱਲੇ ਪੁਜਾਰੀ ਨੂੰ ਆਪਣੇ ਤੌਰ ਤੇ ਹੁਕਮਨਾਮਾ ਜਾਰੀ ਕਰਨ ਦਾ ਕੋਈ ਅਧਿਕਾਰ ਨਹੀਂ {ਉਹਨਾਂ ਪੁਜਾਰੀਆਂ ਤੇ ਸਿੱਖ ਕੌਮ ਨੂੰ ਗੁਮਰਾਹ ਕਰਨ ਦਾ ਦੋਸ਼ ਲਾਇਆ।

ਸਿੱਖ ਮਿਸ਼ਨਰੀ ਕਾਲਜ, ਜਿਸਦੀ ਬੁਨਿਆਦ ਹੀ ਸਿੱਖ ਰਹਿਤ ਮਰਿਆਦਾ ਉਪਰ ਟਿਕੀ ਹੋਈ ਹੈ, ਦੇ ਮੈਗਜੀਨ ਸੰਪਾਦਕ ਸ. ਹਰਜੀਤ ਸਿੰਘ ਜਲੰਧਰ ਨੇ ਆਪਣਾ ਪ੍ਰਤੀਕਰਨ ਦਿੰਦਿਆਂ ਕਿਹਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਸੁਪਰੀਮ ਹੈ, ਪਰ ਇਸ ਉਪਰ ਬੈਠੇ ਜਥੇਦਾਰ ਦੀਆਂ ਆਪਾ-ਵਿਰੋਧੀ ਕਾਰਵਾਈਆਂ ਦਾ ਫਾਇਦਾ ਇਕਬਾਲ ਸਿੰਘ ਵਰਗਾ ਉਠਾ ਰਿਹਾ ਹੈ। ਉਹਨਾਂ ਗਿਆਨੀ ਵੇਦਾਂਤੀ ਉਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਨੂੰ ਕਮਜੋਰ ਕਰਨ ਦਾ ਦੋਸ਼ ਲਾਇਆ। ਉਹਨਾਂ ਕਿਹਾ ਕਿ 1932 ਤੋਂ 1945 ਤੱਕ 13 ਸਾਲ ਦੀ ਸਖਤ ਮਿਹਨਤ ਸਦਕਾ ਸਿੱਖ ਰਹਿਤ ਮਰਿਆਦਾ ਹੋਂਦ ਵਿੱਚ ਲਿਆਂਦੀ ਗਈ ਸੀ, ਜਿਸਦਾ ਮਕਸਦ ਸਮੁੱਚੀ ਸਿੱਖ ਕੌਮ ਨੂੰ ਇੱਕ ਸੂਤਰ ਵਿੱਚ ਪਰੋਣਾ ਸੀ। ਪਰ ਟਕਸਾਲੀਆਂ ਦੇ ਪ੍ਰਭਾਵ ਕਰਕੇ ਇਹਨਾਂ ਪੁਜਾਰੀਆਂ ਨੇ ਸਿੱਖ ਪੰਥ ਨੂੰ ਪੁੱਠਾ ਗੇੜਾ ਦੇ ਦਿੱਤਾ ਹੈ। ਇਸੇ ਸ਼ਰਾਰਤ ਦੀ ਤਾਕ ਵਿੱਚ ਹੀ ਇਹਨਾਂ ਪੁਜਾਰੀਆਂ ਨੇ ਦਰਬਾਰ ਸਾਹਿਬ ਵਿਖੇ ਪੜ੍ਹੇ ਲਿਖੇ ਮਿਸ਼ਨਰੀ ਗ੍ਰੰਥੀਆਂ ਦੀ ਨਿਯੁਕਤੀ ਦਾ ਵਿਰੋਧ ਕੀਤਾ ਸੀ। ਉਹਨਾਂ ਗਿਆਨੀ ਇਕਬਾਲ ਸਿੰਘ ਦੇ ਇਸ ਮਨਮਰਜੀ ਵਾਲੇ ਹੁਕਮਨਾਮੇ ਨੂੰ ਮੁੱਢੋਂ ਰੱਦ ਕਰਦਿਆਂ ਆਪਣਾ ਨਿਸ਼ਚਾ ਦੁਹਰਾਇਆ ਕਿ ਸਿੱਖ ਮਿਸ਼ਨਰੀ ਕਾਲਜ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨਿਤ ਸਿੱਖ ਰਹਿਤ ਮਰਿਆਦਾ ਤੇ ਇਸੇ ਤਰ੍ਹਾਂ ਪਹਿਰਾ ਦਿੰਦਾ ਰਹੇਗਾ।

ਸ਼੍ਰੋਮਣੀ ਖਾਲਸਾ ਪੰਚਾਇਤ ਦੇ ਮੁੱਖੀ ਭਾਈ ਚਰਨਜੀਤ ਸਿੰਘ ਚੰਨੀ ਨੇ ਇਸ ਅਖੌਤੀ ਹੁਕਮਨਾਮੇ ਦੀ ਕਰੜੀ ਆਲੋਚਨਾ ਕਰਦਿਆਂ ਕਿਹਾ ਹੈ ਕਿ ਇਹ ਤਨਖਾਹਦਾਰ ਪੁਜਾਰੀ ਆਰ. ਐਸ. ਐਸ ਦੇ ਹੱਥਾਂ ਵਿੱਚ ਖੇਡ ਰਹੇ ਹਨ। ਇਹਨਾਂ ਦਾ ਅਸਲ ਮਕਸਦ ਇਸੇ ਤਰ੍ਹਾਂ ਚਲਦਿਆਂ ਅਸ਼ਲੀਲ ਰਚਨਾਵਾਂ ਨਾਲ ਭਰਪੂਰ ਦਸਮ ਗ੍ਰੰਥ ਨੂੰ ਮਾਨਤਾ ਦਿਵਾਉਣਾ ਹੈ। ਭਾਈ ਚੰਨੀ ਨੇ ਗਿਆਨੀ ਵੇਦਾਂਤੀ ਤੇ ਵਰਦਿਆਂ ਕਿਹਾ ਕਿ ਉਸ ਵਲੋਂ ਕੀਤੀਆਂ ਪੰਥ ਵਿਰੋਧੀ ਕਾਰਵਾਈਆਂ ਨਾਲ ਹੀ ਇਕਬਾਲ ਸਿੰਘ ਵਰਗਿਆਂ ਨੂੰ ਸ਼ਹਿ ਮਿਲੀ ਹੈ। ਗਿਆਨੀ ਵੇਦਾਂਤੀ ਦੇ ਬਿਆਨ ਨੂੰ ਗੁਮਰਾਹਕੁੰਨ ਦੱਸਦਿਆਂ ਉਹਨਾਂ ਕਿਹਾ ਕਿ ਇਕਬਾਲ ਸਿੰਘ ਵਰਗਾ ਤਾਂ ਕੀ, ਪੰਜੇ ਤਖਤਾਂ ਦੇ ਮੁੱਖ ਸੇਵਾਦਾਰ ਰਲ ਕੇ ਵੀ ਸਿੱਖ ਰਹਿਤ ਮਰਿਆਦਾ ਵਿੱਚ ਕੋਈ ਤਬਦੀਲੀ ਨਹੀਂ ਕਰ ਸਕਦੇ। ਇਸ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਸਮੁੱਚੇ ਸਿੱਖ ਪੰਥ ਦੀ ਇੱਕ ਮੱਤ ਰਾਏ ਨਾਲ ਹੀ ਕੀਤੀ ਜਾ ਸਕਦੀ ਹੈ। ਉਹਨਾਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ ਕਿ ਜਾਗਰੂਕ ਸਿੱਖ ਸੰਗਤਾਂ ਇਹਨਾਂ ਅਖੌਤੀ ਜਥੇਦਾਰਾਂ ਨੂੰ ਲਾਹ ਸੁੱਟਣ।

ਪ੍ਰਮੁੱਖ ਸਿੱਖ ਵਿਦਵਾਨ ਡਾਕਟਰ ਗੁਰਸ਼ਰਣਜੀਤ ਸਿੰਘ ਅੰਮ੍ਰਿਤਸਰ ਨੇ ਪੁਜਾਰੀਆਂ ਦੀ ਇਸ ਕਾਰਵਾਈ ਨੂੰ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਹੈ। ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੰਕਾ ਨਹੀਂ ਹੋਣੀ ਚਾਹੀਦੀ ਕਿ ਇਸ ਅਖੌਤੀ ਹੁਕਮਨਾਮੇ ਰਾਹੀਂ ਸਿੱਖ ਰਹਿਤ ਮਰਿਆਦਾ ਨੂੰ ਛਿੱਲੇ ਟੰਗਦਿਆਂ ਇੱਕ ਅਜਿਹੇ ਡੇਰੇ ਦੀ ਮਰਿਆਦਾ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਜਿਸਦਾ ਮੁੱਖੀ ਚਾਲੀਹੇ ਕੱਟਣ ਵਰਗੇ ਆਡੰਬਰ ਕਰਦਾ ਰਿਹਾ ਹੈ, ਉਸ ਤੋਂ ਪਹਿਲਾ ਮੁੱਖੀ ਤਾਂ ਲਗਾਤਾਰ ਵੀਹ ਸਾਲ ਸਿੱਖ ਕੌਮ ਨਾਲ ਸ਼ਰੇਆਮ ਝੂਠ ਬੋਲਦਾ ਰਿਹਾ ਹੈ। ਉਹਨਾਂ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਨੂੰ ਰੱਦ ਕਰਨਾ ਸਿੱਧੇ ਰੂਪ ਵਿੱਚ ਸ਼੍ਰੋਮਣੀ ਕਮੇਟੀ ਨੂੰ ਚੁਨੌਤੀ ਦੇਣ ਦੇ ਬਰਾਬਰ ਹੈ। ਹੁਣ ਇਹ ਦੇਖਣ ਵਾਲੀ ਗੱਲ ਹੈ ਕਿ ਭਾਜਪਾਈ ਪ੍ਰਭਾਵ ਵਾਲੇ ਆਪਣੇ ਆਕਾਵਾਂ ਦੀ ਮਰਜੀ ਦੇ ਉਲਟ ਜਥੇਦਾਰ ਅਵਤਾਰ ਸਿੰਘ ਮੱਕੜ ਕੀ ਕਾਰਵਾਈ ਕਰਦੇ ਹਨ।

ਸਮੂਹ ਸਿੰਘ ਸਭਾਵਾਂ ਦੇ ਕਨਵੀਨਰ ਭਾਈ ਹਰਜੀਤ ਸਿੰਘ ਭਾਟੀਆ ਨੇ ਇਕਬਾਲ ਸਿੰਘ ਅਤੇ ਸਾਥੀ ਗ੍ਰੰਥੀਆਂ ਵਲੋਂ ਇਸ ਕਾਰਵਾਈ ਨੂੰ ਸਿੱਖ ਪੰਥ ਨਾਲ ਧ੍ਰੋਹ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜੇਕਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਸੱਭ ਤੋਂ ਪਹਿਲਾਂ ਉਸ ਕੌਮ ਦੇ ਸੰਵਿਧਾਨ ਨੂੰ ਨਸ਼ਟ ਕੀਤਾ ਜਾਂਦਾ ਹੈ। ਆਰ ਐਸ ਐਸ ਦੇ ਪ੍ਰਭਾਵ ਅਧੀਨ ਇਕਬਾਲ ਸਿੰਘ ਨੇ ਅਜਿਹਾ ਕਰਕੇ ਪੰਥ ਵਿਰੋਧੀ ਹੋਣ ਦਾ ਸਬੂਤ ਦਿੱਤਾ ਹੈ, ਜਿਸ ਕਰਕੇ ਹੁਣ ਉਸਨੂੰ ਤਖਤ ਉਪਰ ਟਿਕੇ ਰਹਿਣ ਦਾ ਕੋਈ ਅਧਿਕਾਰ ਨਹੀਂ

ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਹਿਣ ਤੇ ਭੜਕ ਪੈਣ ਵਾਲੇ ਸਿੱਖ, ਕਿਸ ਮੂੰਹ ਨਾਲ ਬਚਿੱਤਰ ਨਾਟਕ ਨੂੰ ਗੁਰੂ ਰਚਿਤ ਦਰਸਾ ਰਹੇ ਹਨ

ਕਪੂਰਥਲਾ 15 ਜਨਵਰੀ (ਗੁਰਮੀਤ ਸਿੰਘ ਕਾਦੀਆਨੀ, ਕਿਰਣਪ੍ਰੀਤ ਭਾਟੀਆ) ਗਿਆਨੀ ਪੂਰਨ ਸਿੰਘ ਨੇ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਿਹਾ ਸੀ, ਸਿਰਫ ਇੰਨਾ ਹੀ ਕਸੂਰ ਸੀ ਨਾ ਉਹਦਾ। ਪਰ ਸਾਰਾ ਸਿੱਖ ਜਗਤ ਉਸ ਦੇ ਦੁਆਲੇ ਹੋ ਗਿਆ ਸੀ ਕਿ ਗਿਆਨੀ ਜੀ ਨੇ ਸਿੱਖਾਂ ਨੂੰ ਲਵ-ਕੁਸ਼ ਨਾਲ ਜੋੜ ਕੇ ਬੜੀ ਭਾਰੀ ਗਲਤੀ ਕੀਤੀ ਹੈ। ਉਸਨੂੰ ਆਰ. ਆਰ. ਐਸ ਦਾ ਏਜੰਟ ਵੀ ਗਰਦਾਨਿਆ ਗਿਆ। ਬਦਲੇ ਵਿੱਚ ਗਿਆਨੀ ਪੂਰਨ ਸਿੰਘ ਨੂੰ ਸ਼੍ਰੀ ਅਕਾਲ ਤਖਤ ਦੀ ਜਥੇਦਾਰੀ ਤੋਂ ਬਰਖਾਸਤ ਵੀ ਕਰ ਦਿੱਤਾ ਗਿਆ ਸੀ। ਪਰ ਬਹੁਤ ਘੱਟ ਸਿੱਖਾਂ ਨੂੰ ਇਹ ਪਤਾ ਹੋਵੇਗਾ ਕਿ ਲਵ-ਕੁਸ਼ ਖਾਨਦਾਨੀ ਦਾ ਇਹ ਖਿਤਾਬ ਕਿਸੇ ਹਾਲੀਆ ਹਿੰਦੂਵਾਦੀ ਸੋਚ ਵਾਲੇ ਲੇਖਕ ਦੀ ਪੁਸਤਕ ਵਿਚੋਂ ਨਹੀਂ ਲਿਆ ਗਿਆ। ਸਗੋਂ ਇਹ ਦੇਣ ਹੈ ਐਸੇ ਵਚਿੱਤਰ ਗ੍ਰੰਥ ਦੀ, ਜਿਸਨੂੰ ਸਾਡੇ ਕੁੱਝ ਭਰਾ ਅਣਜਾਣਪੁਣੇ ਵਿੱਚ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਰਚਿਆ ਹੋਇਆ ਗ੍ਰੰਥ ਆਖ ਕੇ ਵਡਿਆ ਰਹੇ ਹਨ। ਜੇ ਯਕੀਨ ਨਹੀਂ ਆ ਰਿਹਾ ਤਾਂ ਪੜ੍ਹ ਕੇ ਦੇਖੋ, ਦਸਮ ਪਾਤਸ਼ਾਹ ਦੇ ਨਾਮ ਥੱਲੇ ਪ੍ਰਚਾਰਿਆ ਜਾ ਰਿਹਾ ਬਚਿੱਤਰ ਨਾਟਕ, ਜਿਸਦੇ ਤੀਜੇ ਅਤੇ ਚੌਥੇ ਅਧਿਆਏ ਵਿੱਚ ਇਸ ਕਥਾ ਦਾ ਸਪੱਸ਼ਟ ਤੌਰ ਤੇ ਵਰਣਨ ਕੀਤਾ ਗਿਆ ਹੈ ਕਿ ਸ਼੍ਰੀ ਰਾਮ ਚੰਦਰ ਜੀ ਦੇ ਬੇਟਿਆਂ ਲਵ ਅਤੇ ਕੁਸ਼ ਦੀ ਔਲਾਦ ਵਿਚੋਂ ਹੀ ਸਿੱਖੀ ਦਾ ਜਨਮ ਹੋਇਆ ਹੈ। ਇਸ ਗ੍ਰੰਥ ਅਨੁਸਾਰ ਲਵ ਦੀ ਔਲਾਦ ਵਿਚੋਂ ਬੇਦੀ ਕੁਲ ਅਤੇ ਕੁਸ਼ ਦੀ ਔਲਾਦ ਵਿਚੋਂ ਸੋਢੀ ਖਾਨਦਾਨ ਦੀ ਸ਼ੁਰੂਆਤ ਹੋਈ।

ੜੇ ਦੁੱਖ ਦੀ ਗੱਲ ਹੈ ਕਿ ਇੱਕ ਜਥੇਦਾਰ ਵਲੋਂ ਸਿੱਖਾਂ ਨੂੰ ਲਵ-ਕੁਸ਼ ਦੀ ਔਲਾਦ ਕਹਿਣ ਤੇ ਆਪੇ ਤੋਂ ਬਾਹਰ ਹੋਣ ਵਾਲੇ ਸਿੱਖਾਂ ਵਿਚੋਂ ਕੁੱਝ ਭੁੱਲੜ ਵੀਰ ਅਜੇ ਵੀ ਐਸੇ ਗ੍ਰੰਥ ਨੂੰ ਗੁਰੂ ਸਾਹਿਬ ਦੀ ਰਚਨਾ ਸਾਬਤ ਕਰਨ ਤੇ ਤੁੱਲੇ ਹੋਏ ਹਨ। ਹੁਣ ਤਾਂ ਅਜਿਹੇ ਵੀਰਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਮੁੱਖ ਸੇਵਾਦਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਵੀ ਚੁਨੌਤੀ ਦੇਣੀ ਸ਼ੁਰੂ ਕਰ ਦਿੱਤੀ ਹੈ। ਕਿਉਂਕਿ ਉਹਨਾਂ ਅਨੁਸਾਰ ਪ੍ਰੋ. ਦਰਸ਼ਨ ਸਿੰਘ ਜੀ ਨੇ ਗੁਰਮਤਿ ਵਿੱਚ ਭਿੱਜੇ ਆਪਣੇ ਵਖਿਆਨ ਵਿੱਚ ਬਚਿੱਤਰ ਨਾਟਕ ਵਰਗੀਆਂ ਰਚਨਾਵਾਂ ਨੂੰ ਗੁਰੂ ਕ੍ਰਿਤ ਮੰਨਣ ਤੋਂ ਸਪੱਸ਼ਟ ਇਨਕਾਰ ਕਰ ਦਿਤਾ ਸੀ। ਆਪਣੇ ਆਪ ਨੂੰ ਅਖੰਡ ਕੀਰਤਨੀ ਜਥੇ ਵਰਗੀ ਮਾਨਯੋਗ ਸੰਸਥਾ ਨਾਲ ਸਬੰਧਤ ਦੱਸਣ ਵਾਲੇ ਇਹਨਾਂ ਵੀਰਾਂ ਨੇ ਸਿੰਘ ਸਾਹਿਬ ਨੂੰ ਮਾਫੀ ਮੰਗਣ ਲਈ ਕਿਹਾ ਹੈ।

ਰ ਜਿਹਾ ਕਿ ਸੰਸਥਾ ਦੇ ਨਾਮ ਤੋਂ ਸਪੱਸ਼ਟ ਹੈ ਕਿ ਪ੍ਰਚਾਰ ਦੇ ਖੇਤਰ ਵਿੱਚ ਇਹਨਾਂ ਵੀਰਾਂ ਦਾ ਮੁੱਖ ਮੰਤਵ ਕੇਵਲ ਗੁਰਬਾਣੀ ਕੀਰਤਨ ਨੂੰ ਹੀ ਪ੍ਰਚਾਰਨਾ ਹੀ ਰਿਹਾ ਹੈ, ਗੁਰਬਾਣੀ ਦੇ ਵਿਚਾਰ ਵੱਲ ਇਹਨਾਂ ਸ਼ਾਇਦ ਕਦੇ ਧਿਆਨ ਹੀ ਨਹੀਂ ਦਿੱਤਾ। ਜੇ ਦਿੱਤਾ ਹੁੰਦਾ ਤਾਂ ਸ਼ਾਇਦ ਇਹਨਾਂ ਵੀਰਾਂ ਨੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਆਮ ਪੜ੍ਹੇ ਜਾਂਦੇ ਇਸ ਸ਼ਬਦ ਤੇ ਵੀ ਵਿਚਾਰ ਕੀਤੀ ਹੁੰਦੀ, ਜੋ ਇਸੇ ਬਚਿੱਤਰ ਨਾਟਕ ਦਾ ਹੀ ਹਿੱਸਾ ਹੈ – “ਮੁਰ ਪਿਤ ਪੂਰਬਿ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥ ਨਾਨਾ॥ ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥ ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥…” ਇਸ ਸ਼ਬਦ ਅਨੁਸਾਰ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਜੀ ਵਲੋਂ ਪੂਰਬ ਵੱਲ ਜਾ ਕੇ ਵੱਖ ਵੱਖ ਤੀਰਥਾਂ ਤੇ ਇਸ਼ਨਾਨ ਕਰਨ, ਤ੍ਰਿਬੇਣੀ ਵਿਖੇ ਪੁੰਨ ਦਾਨ ਕਰਨ ਕਰਕੇ ਹੀ ਹੋਇਆ ਸੀ। ਕੀ ਤੀਰਥਾਂ ਤੇ ਇਸ਼ਨਾਨ ਕਰਨਾ ਗੁਰਮਤਿ ਹੈ? ਕੀ ਕਿਸੇ ਫਲ ਦੀ ਇੱਛਾ ਵਿੱਚ ਪੁੰਨ ਅਤੇ ਦਾਨ ਕਰਨ ਦਾ ਨਾਮ ਹੀ ਗੁਰਮਤਿ ਹੈ? ਨਹੀਂ ਕਦਾਚਿੱਤ ਨਹੀਂ। ਗੁਰਮਤਿ ਤਾਂ ਮੰਨ ਰਹੀ ਹੈ ਕਿ ਤੀਰਥ ਯਾਤਰਾ ਹਉਮੈ ਦਾ ਮੂਲ ਹੈ। ਕੇਵਲ ਪ੍ਰਮਾਤਮਾ ਦਾ ਨਾਮ ਹੀ ਸਭ ਤੋਂ ਸ੍ਰੇਸ਼ਟ ਤੀਰਥ ਹੈ।

ਜੇਕਰ ਇਸ ਕਥਾ ਰਾਹੀਂ ਗੁਰਮਤਿ ਸਿਧਾਂਤਾਂ ਦੀ ਉਲੰਘਣਾ ਹੋ ਰਹੀ ਹੈ, ਜੇਕਰ ਲਵ-ਕੁਸ਼ ਦੀ ਬੰਸਾਵਲੀ ਸਾਡੇ ਸਿਧਾਂਤਾਂ ਨਾਲ ਖਿਲਵਾੜ ਕਰਦੀ ਹੈ ਤਾਂ ਵੀਰੋ, ਇਹ ਪੁਸਤਕ ਗੁਰੂ ਕ੍ਰਿਤ ਕਿਵੇਂ ਹੋਈ। ਇੱਥੇ ਇਹ ਵੀ ਵਰਣਨ ਕਰਨਾ ਬਹੁਤ ਜਰੂਰੀ ਹੈ ਕਿ ਜਿਸ ਬੰਸਾਵਲੀ ਨਾਲ ਸਿੱਖ ਗੁਰੂ ਸਹਿਬਾਨਾਂ ਨੂੰ ਜੋੜਿਆ ਜਾ ਰਿਹਾ ਹੈ, ਉਸ ਬਾਰੇ ਸਾਡੀ ਭਾਰਤ ਸਰਕਾਰ ਨੇ ਹਲਫਨਾਮਾ ਵੀ ਦਾਇਰ ਕੀਤਾ ਹੋਇਆ ਹੈ ਕਿ ਇਹ ਕਲਪਨਾ ਮਾਤਰ ਤੋਂ ਵੱਧ ਕੁੱਝ ਵੀ ਨਹੀਂ। ਫਿਰ ਸਾਡੇ ਵੀਰ, ਕਿਉਂ ਇਸ ਬਚਿੱਤਰ ਨਾਟਕ ਨੂੰ ਗੁਰੂ ਕ੍ਰਿਤ ਸਾਬਤ ਕਰਨ ਤੇ ਤੁੱਲੇ ਹੋਏ ਹਨ।

ਜੇਕਰ ਖਾਲਸਾ ਪੰਥ ਨੇ ਇਸ ਵਰ੍ਹੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 300 ਸਾਲਾ ਗੁਰਤਾ ਗੱਦੀ ਸ਼ਤਾਬਦੀ ਤੋਂ ਕੁੱਝ ਲਾਹਾ ਪ੍ਰਾਪਤ ਕਰਨਾ ਹੈ ਤਾਂ ਸਿੱਖ ਪੰਥ ਨੂੰ ਅਜਿਹੇ ਵਿਵਾਦਾਂ ਤੋਂ ਬੱਚਦੇ ਹੋਏ ਇਹ ਫੈਸਲਾ ਕਰਨਾ ਪਵੇਗਾ ਕਿ:

  1. ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਹੀ ਸਿੱਖਾਂ ਦੇ ਇੱਕ ਮਾਤਰ ਗੁਰੂ ਹਨ। ਹੋਰ ਕੋਈ ਵੀ ਗ੍ਰੰਥ ਇਸਦੀ ਬਰਾਬਰੀ ਨਹੀਂ ਕਰ ਸਕਦਾ।
  2. ਸਾਰੀ ਸਿੱਖ ਕੌਮ ਨੂੰ ਇੱਕਮੱਤ ਹੋਣਾ ਪਵੇਗਾ ਕਿ ਬਚਿੱਤਰ ਨਾਟਕ ਅਤੇ ਚਰਿਤਰੋ-ਪਖਿਆਨ ਵਰਗੀਆਂ ਗੁਰੂ ਕ੍ਰਿਤ ਨਹੀਂ ਹੋ ਸਕਦੀਆਂ।
  3. ਸਿੱਖ ਕੌਮ ਨੂੰ ਇਹ ਵੀ ਨਿਰਣਾ ਕਰਨਾ ਹੋਵੇਗਾ ਕਿ ਮਹਾਨ ਗੁਰਸਿੱਖ ਭਾਈ ਗੁਰਦਾਸ ਜੀ ਦੀਆਂ ਚਾਲੀ ਵਾਰਾਂ ਦੇ ਨਾਲ ਇਕਤਾਲੀਵੀਂ ਵਾਰ ਕਿਸ ਕਾਰਣ ਜੋੜੀ ਗਈ, ਜੋ ਕਿ ਛੇਵੀਂ ਪਾਤਸ਼ਾਹੀ ਤੱਕ ਸੰਗ ਮਾਨਣ ਵਾਲੇ ਭਾਈ ਗੁਰਦਾਸ ਜੀ ਦੀ ਨਹੀਂ ਹੈ।

ਪੰਥ ਦਰਦੀਆਂ ਨੂੰ 12 ਜਨਵਰੀ ਨੂੰ ਗੁਰਬਾਣੀ ਪ੍ਰੋਗਰਾਮ ਦੇਖਣ ਲਈ ਅਪੀਲ

ਸਿੱਖੀ ਨੂੰ ਪੁਜਾਰੀ ਜਮਾਤ ਘੁਣ ਵਾਂਗ ਖਾਈ ਜਾ ਰਹੀ ਹੈ। ਜੇਕਰ ਪੰਥ ਹਤੈਸ਼ੀਆਂ ਨੇ ਹੰਭਲਾ ਨਾ ਮਾਰਿਆ ਤਾਂ ਉਹ ਦਿੱਨ ਦੂਰ ਨਹੀ ਜਦੋਂ ਸਿੱਖੀ ਨਾਲ, ਜੋ ਬੁੱਧ ਮੱਤ ਨਾਲ ਭਾਰਤ ਵਿਚ ਵਾਪਰੀ ਸੀ, ਵਾਪਰ ਚੁੱਕੀ ਹੋਵੇਗੀ। ਆਪਣੇ ਆਪਣੇ ਪਿੰਡਾਂ ਵਿਚ ਬਿਲਕੁਲ ਨੀਚੇ ਦੇ ਪੱਧਰ ਤੇ ਕੰਮ ਕਰਨਾ ਸ਼ੁਰੂ ਕਰੋ। ਪਿੰਡਾਂ ਵਾਲਿਆਂ ਵਿਚ ਸਿੱਖੀ ਦਾ ਪ੍ਰਚਾਰ ਅਰੰਭੋ। ਬਹੁਤ ਘੱਟ ਪੈਸਾ ਖਰਚ ਕਰਕੇ ਵਧੀਆ ਨਤੀਜਾ ਜਲਦੀ ਹੀ ਦੇਖੋ। ਜੇ ਕਰ ਲੋਕਾਂ ਨੂੰ ਲਬੜਗੱਟੇ ਸਾਧਾਂ ਕੋਲੋਂ ਬਚਾਉਣਾ ਹੈ ਤਾਂ 12 ਜਨਵਰੀ 2008 ਨੂੰ ਕੈਨੇਡਾ ਵਿਚ, ਟੋਰਾਂਟੋ ਸਮਾਂ ਸਾਢੇ ਦਸ ਵਜੇ (10:30 ਸਵੇਰੇ), ਗੁਰਬਾਣੀ ਪ੍ਰੋਗਰਾਮ ਜੋ ਸ੍ਰ. ਰਘਬੀਰ ਸਿੰਘ ਸਮੱਗ ਜੀ ਪੇਸ਼ ਕਰਦੇ ਹਨ, ਦੇਖਣਾ ਨਾ ਭੁਲੋ।

ਗੁਰੂ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ)