ਪਰਮ ਕਿਰਪਾਲੂ ਵੀਰ ਜੀਓ।
ਵਾਹਿਗੁਰੂ ਜੀ ਕਾ ਖਾਲਸਾ॥
ਵਾਹਿਗੁਰੂ ਜੀ ਕਾ ਖਾਲਸਾ॥
ਵੀਰ ਜੀ, ਮੈਂ ਦੋਵੇਂ ਹੱਥ ਜੋੜ ਕੇ ਆਪ ਜੀ ਕੋਲੋਂ ਖਿਮਾਂ ਮੰਗ ਰਿਹਾ ਹਾਂ, ਕਿਉਂਕਿ ਇਸ ਈ-ਮੇਲ ਰਾਹੀਂ ਮੈਂ ਆਪ ਜੀ ਨੂੰ ਇੱਕ ਅਜਿਹੀ ਘਟੀਆ ਅਸ਼ਲੀਲ ਰਚਨਾ ਭੇਜਣ ਦੀ ਗੁਸਤਾਖੀ ਕਰ ਰਿਹਾ ਹਾਂ, ਜਿਸ ਬਾਰੇ ਸਾਡੇ ਕੁੱਝ ਭਰਾ ਪੰਥ ਵਿਰੋਧੀ ਸ਼ਕਤੀਆਂ ਦੇ ਢਾਹੇ ਚੜ੍ਹ ਕੇ ਇਸਨੂੰ ਇੱਕ ਅਜਿਹੀ ਲਾਸਾਨੀ ਸ਼ਖਸ਼ੀਅਤ ਨਾਲ ਜੋੜਣ ਦੀ ਬੇਵਕੂਫੀ ਕਰ ਰਹੇ ਹਨ, ਜਿਹੜੀ ਮਹਾਨ ਆਤਮਾ ਗੁਰੂ ਨਾਨਕ ਪਾਤਸ਼ਾਹ ਜੀ ਦੀ ਜੋਤ ਸਰੂਪ ਸੀ।
ਹੁਣ ਤੱਕ ਦਾਸ ਸਿੱਖ ਵਿਦਵਾਨਾਂ ਦੇ ਕਹੇ ਅਨੁਸਾਰ ਹੀ ਚਰਿਤਰੋ-ਪਖਿਆਨ ਵਰਗੀ ਰਚਨਾ ਨੂੰ ਗੁਰੂ ਕ੍ਰਿਤ ਨਹੀਂ ਸੀ ਮੰਨਦਾ। ਪਰ ਇੱਕ ਪੰਥਕ ਵੈੱਬਸਾਈਟ ਵਲੋਂ ਇਸ ਬਾਬਤ ਕੀਤੇ ਜਾ ਰਹੇ ਧੜੱਲੇਦਾਰ ਪ੍ਰਚਾਰ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਵਿਖੇ ਕੁੱਝ ਧਾਰਮਿਕ ਆਗੂਆਂ ਵਲੋਂ ਇਸ ਰਚਨਾ ਨੂੰ ਗੁਰੂ ਕ੍ਰਿਤ ਸਾਬਤ ਕਰਨ ਦਾ ਦਾਅਵਾ ਕਰਨਾ, ਉਪਰੋਂ ਗੁਰਚਰਨਜੀਤ ਸਿੰਘ ਲਾਂਬਾ/ਜੋਧ ਸਿੰਘ ਵਰਗਿਆਂ ਵਲੋਂ ਇਸ ਰਚਨਾ ਨੂੰ ਆਧਾਰ ਬਣਾ ਕੇ ਇਸਦਾ ਵਿਰੋਧ ਕਰ ਰਹੇ ਲੋਕਾਂ ਨੂੰ ਸਿੱਖ ਵਿਰੋਧੀ ਕਹਿਣਾ, ਆਦਿਕ ਨੇ ਮੈਨੂੰ ਮਜਬੂਰ ਕਰ ਦਿੱਤਾ ਕਿ ਇਸ ਰਚਨਾ ਦੀ ਅਸਲੀਅਤ ਜਾਣੀ ਜਾਵੇ।
ਸਭ ਤੋਂ ਪਹਿਲਾਂ ਡਾਕਟਰ ਕੁਲਬੀਰ ਸਿੰਘ ਥਿੰਦ ਦੀ ਵੈਬਸਾਈਟ ਤੋਂ ਇਹ ਰਚਨਾ ਲੱਭੀ, ਪਰ ਥਿੰਦ ਸਾਹਿਬ ਨੂੰ no translation ਟਿੱਪਣੀ ਦੇ ਕੇ ਇਸ ਰਚਨਾ ਦੇ ਅਰਥਾਂ ਤੋਂ ਆਪਣਾ ਖਹਿੜਾ ਛੁਡਾਉਂਦੇ ਡਿੱਠਾ। ਹੋਰ ਖੋਜ -ਭਾਲ ਕਰਨ ਉਪਰੰਤ ਪ੍ਰਸਿੱਧ (ਮਹਾਂਪੁਰਖ) ਬਾਬਾ ਵਿਰਸਾ ਸਿੰਘ ਦੀ ਸਾਈਟ ਤੋਂ ਇਹ ਰਚਨਾ ਵਿਆਖਿਆ ਸਹਿਤ ਮਿਲ ਹੀ ਗਈ।
ਕਿਉਂਕਿ ਇਸ ਰਚਨਾ ਨੂੰ ਗੁਰੂ ਕ੍ਰਿਤ ਕਹਿ ਕੇ ਪ੍ਰਚਾਰਿਆ ਜਾ ਰਿਹਾ ਸੀ, ਸੋ ਦਾਸ ਨੂੰ ਇਸੇ ਮਜਬੂਰੀ ਤਹਿਤ ਹੀ ਇਹ ਗੰਦ ਮੰਦ ਪੜ੍ਹਣਾ ਪਿਆ। ਇਸ ਅਸ਼ਲੀਲ ਰਚਨਾ ਨੂੰ ਆਪ ਜੀ ਵਰਗੇ ਗੁਰਮੁੱਖਾਂ ਕੋਲ ਭੇਜਣ ਦਾ ਬੱਜਰ ਪਾਪ ਇਸ ਮਕਸਦ ਨਾਲ ਕਰਨਾ ਪੈ ਰਿਹਾ ਹੈ ਕਿ ਦਾਸ ਨੂੰ ਤਾਂ ਇਸ ਕੂੜ ਕਬਾੜ ਵਿਚੋਂ ਕੋਈ ਅਧਿਆਤਮਕ ਸੰਦੇਸ਼ ਨਜਰੀਂ ਨਹੀਂ ਆਇਆ, ਜੇਕਰ ਇਸਨੂੰ ਗੁਰੂ ਸਾਹਿਬ ਨਾਲ ਜੋੜਣ ਵਾਲੇ ਸਾਡੇ ਭੁੱਲੜ ਭਰਾ ਇਸਨੂੰ ਪੜ੍ਹ ਕੇ ਅਜੇ ਵੀ ਕੁੱਝ ਕਹਿਣਾ ਚਾਹੁੰਦੇ ਹੋਣ, ਤਾਂ ਅਸੀਂ ਉਹਨਾਂ ਦੇ ਵਿਚਾਰ ਪੜ੍ਹ ਕੇ ਆਪਣੇ ਆਪ ਨੂੰ ਧੰਨ-ਭਾਗ ਸਮਝਾਂਗੇ। ਪਰ ਸ਼ਰਤ ਕੇਵਲ ਇਹੀ ਹੈ ਕਿ ਹੁਣ ਤੱਕ ਲਾਂਬਾ ਸਾਹਿਬ ਅਤੇ ਯੂਨੀਵਰਸਿਟੀਆਂ ਦੇ ਪਾੜਿਆਂ ਦੇ ਆਖੇ ਲੱਗ ਕੇ ਉਹ ਜਿਸਨੂੰ ਗੁਰੂ ਕ੍ਰਿਤ ਸਮਝੀ ਬੈਠੇ ਸਨ, ਉਸਦੀ ਹੂ-ਬਹੂ ਵਿਆਖਿਆ ਆਪਣੇ ਪਰਿਵਾਰ ਵਿੱਚ ਬੈਠ ਕੇ ਸਰਵਨ ਕਰਾਉਣ।
ਗੁਰੂ ਪਿਆਰਿਓ, ਕਾਲਜੇ ਤੇ ਪੱਥਰ ਰੱਖ ਕੇ ਚਰਿਤਰੋ-ਪਖਿਆਨ ਦੇ ਇਹਨਾਂ 13 ਭਾਗਾਂ ਨੂੰ ਜਰਾ ਪੜ੍ਹ ਕੇ ਤਾਂ ਦੇਖੋ, ਸ਼ਰਮ ਆਉਂਦੀ ਹੈ, ਉਹਨਾਂ ਅਨਸਰਾਂ ਤੇ, ਜਿਹੜੇ ਇਸਨੂੰ ਗੁਰੂ ਕ੍ਰਿਤ ਕਹਿ ਕੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਪ੍ਰਕਾਸ਼ ਕਰਨ ਦਾ ਕੁਕਰਮ ਕਰ ਰਹੇ ਹਨ।
ਇਹ ਅਸ਼ਲੀਲ ਰਚਨਾ ਆਪ ਜੀ ਤੱਕ ਪਹੁੰਚਾਉਣ ਦਾ ਮੇਰਾ ਮਕਸਦ ਆਪ ਜੀ ਦਾ ਦਿਲ ਦੁਖਾਉਣਾ ਬਿਲਕੁੱਲ ਨਹੀਂ, ਸਗੋਂ ਸ਼ਰਾਰਤੀ ਅਨਸਰਾਂ ਵਲੋਂ ਸਿੱਖ ਸਿਧਾਂਤਾਂ ਨਾਲ ਕੀਤੇ ਜਾ ਰਹੇ ਖਿਲਵਾੜ ਤੋਂ ਸਾਵਧਾਨ ਕਰਨਾ ਹੀ ਹੈ।
ਇਸ ਅਸ਼ਲੀਲ਼ ਰਚਨਾ ਨੂੰ ਸਾਹਿਬੇ-ਕਮਾਲ ਨਾਲ ਜੋੜਣ ਦਾ ਹੀਲਾ ਕਰਦੇ ਵੀਰੋ, ਜਾਣ ਬੁੱਝ ਕੇ ਸਿੱਖ ਪੰਥ ਵਿੱਚ ਦੁਫੇੜ ਪੈਦਾ ਕਰਨ ਦੀ ਕੋਸ਼ਿਸ਼ ਤਿਆਗ ਦਿਓ। ਬਾਬੇ ਨਾਨਕ ਦੀ ਸਿੱਖੀ ਦਾ ਵਾਸਤਾ ਜੇ, ਹੁਣ ਵੀ ਗੁਰੂ ਚਰਨਾਂ ਵਿੱਚ ਅਰਦਾਸ ਕਰਕੇ ਅਜਿਹੇ ਕੂੜ-ਕਬਾੜ ਨੂੰ ਅਟਲਾਂਟਿਕ ਮਹਾਂਸਾਗਰ ਵਿੱਚ ਹਮੇਸ਼ਾਂ ਲਈ ਗਰਕ ਕਰ ਦਿਓ, ਨਹੀਂ ਤਾਂ ਭਰਾਵੋ, ਸਿੱਖ ਇਤਿਹਾਸ ਨੂੰ ਕਲੰਕਤ ਕਰਨ ਲਈ ਜਿੰਮੇਵਾਰ ਤੁਸੀਂ ਖੁੱਦ ਹੋਵੋਗੇ।
ਗੁਰੂ ਚਰਨਾਂ ਦਾ ਭੌਰਾ,
ਇੰਜੀ: ਗੁਰਮੀਤ ਸਿੰਘ ਕਾਦੀਆਨੀ
ਕਪੂਰਥਲਾ
ਪਾਠਕਾਂ ਨੂੰ ਬੇਨਤੀ ਹੈ ਕੇ ਉਹ ਹੇਠ ਲਿਖੇ ਲਿੰਕ ਤੇ ਜਾਕੇ ਦੇਖ ਸਕਦੇ ਹਨ: Gobind Sadan-Details for Dasam Granth v5-1
Recent Comments